ਕੁੱਟਮਾਰ ਮਾਮਲੇ 'ਚ ਭਾਜਪਾ ਵਿਧਾਇਕ ਆਕਾਸ਼ ਵਿਜੇਵਰਗੀ ਰਿਹਾਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਮਰਥਕਾਂ ਨੇ ਖ਼ੁਸ਼ੀ 'ਚ ਗੋਲੀਆਂ ਚਲਾਈਆਂ

Assault case: BJP MLA Akash Vijayvargiya released on bail

ਇੰਦੌਰ : ਭੋਪਾਲ ਦੀ ਵਿਸ਼ੇਸ਼ ਅਦਾਲਤ ਤੋਂ ਸਨਿਚਰਵਾਰ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਭਾਜਪਾ ਵਿਧਾਇਕ ਆਕਾਸ਼ ਵਿਜੇਵਰਗੀ ਐਤਵਾਰ ਨੂੰ ਜੇਲ ਤੋਂ ਰਿਹਾਅ ਹੋ ਗਏ। ਜੇਲ 'ਚੋਂ ਬਾਹਰ ਆਉਣ ਤੋਂ ਬਾਅਦ ਆਕਾਸ਼ ਨੇ ਕਿਹਾ ਕਿ ਜੇਲ 'ਚ ਵਧੀਆ ਸਮਾਂ ਬੀਤੀਆ। ਆਕਾਸ਼ ਨੂੰ ਲੈਣ ਲਈ ਉਨ੍ਹਾਂ ਦੇ ਭਰਾ ਕਲਪੇਸ਼ ਵਿਜੇਵਰਗੀ, ਵਿਧਾਇਕ ਰਮੇਸ਼ ਮੇਂਦੋਲਾ ਅਤੇ ਕੌਂਸਲਰ ਚੰਦੂ ਸ਼ਿੰਦੇ ਪੁੱਜੇ ਸਨ। 

ਆਕਾਸ਼ ਨੇ ਕਿਹਾ, "ਮੈਂ ਪਰਮਾਤਮਾ ਤੋਂ ਦੁਆ ਕਰਾਂਗਾ ਕਿ ਮੈਨੂੰ ਦੁਬਾਰਾ ਬੱਲੇਬਾਜ਼ੀ ਕਰਨ ਦਾ ਮੌਕਾ ਨਾ ਦਿਓ। ਹੁਣ ਗਾਂਧੀ ਜੀ ਦੇ ਵਿਖਾਏ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰਾਂਗਾ।" ਸਨਿਚਰਵਾਰ ਸ਼ਾਮ ਜ਼ਮਾਨਤ ਮਿਲਣ ਦੀ ਖ਼ਬਰ ਮਗਰੋਂ ਉਨ੍ਹਾਂ ਦੇ ਸਮਰਥਕਾਂ ਨੇ ਭਾਜਪਾ ਦਫ਼ਤਰ ਦੇ ਬਾਹਰ ਹਵਾ 'ਚ 5 ਗੋਲੀਆਂ ਚਲਾਈਆਂ ਅਤੇ ਨੱਚ ਕੇ ਖ਼ੁਸੀ ਪ੍ਰਗਟਾਈ। 

ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਵੱਡੇ ਆਗੂ ਕੈਲਾਸ਼ ਵਿਜੇਵਰਗੀ ਦੇ ਬੇਟੇ ਆਕਾਸ਼ ਵਿਜੇਵਰਗੀ ਦਾ ਕੁੱਟਮਾਰ ਕਰਦੇ ਹੋਏ ਇਕ ਵੀਡੀਓ ਵਾਇਰਲ ਹੋਇਆ ਸੀ। ਵੀਡੀਓ 'ਚ ਵੇਖਿਆ ਜਾ ਸਕਦਾ ਸੀ ਕਿ ਆਕਾਸ਼ ਨਿਗਮ ਅਧਿਕਾਰੀ ਨਾਲ ਕੁੱਟਮਾਰ ਕਰ ਰਹੇ ਹਨ। ਦਰਅਸਲ ਇੰਦੌਰ ਦੇ ਨਿਗਮ ਅਧਿਕਾਰੀਆਂ ਦੀ ਟੀਮ ਖਸਤਾ ਹੋ ਚੁਕੇ ਮਕਾਨਾਂ ਨੂੰ ਤੋੜਨ ਲਈ ਆਈ ਸੀ ਪਰ ਆਕਾਸ਼ ਨੇ ਉਨ੍ਹਾਂ 'ਤੇ ਹੀ ਕਾਰਵਾਈ ਕਰ ਦਿੱਤੀ। ਆਕਾਸ਼ ਕ੍ਰਿਕਟ ਬੈਟ ਲੈ ਕੇ ਅਧਿਕਾਰੀਆਂ 'ਤੇ ਹਮਲਾ ਕਰਨ ਪੁੱਜੇ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਨ ਲੱਗੇ। ਉੱਥੇ ਹੀ ਆਕਾਸ਼ ਦੇ ਸਮਰਥਕਾਂ ਨੇ ਵੀ ਨਿਗਮ ਅਧਿਕਾਰੀਆਂ ਨਾਲ ਕੁੱਟਮਾਰ ਕੀਤੀ।