ਰਾਹੁਲ ਖਿਲਾਫ਼ ਭੜਕੇ ਕੇਂਦਰੀ ਮੰਤਰੀ, ਕਾਂਗਰਸ ਨੂੰ 'ਪੱਪੂ ਦਾ ਆਲ੍ਹਣਾ ਤੇ ਪਰਿਵਾਰ ਦਾ ਚੋਚਲਾ' ਦਸਿਆ!

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਕਾਂਗਰਸੀ ਦੁਸ਼ਮਣ ਨੂੰ ਆਕਸੀਜਨ ਦੇਣ ਦਾ ਕੰਮ ਕਰ ਰਹੇ ਹਨ

Mukhtar Abbas Naqvi

ਨਵੀਂ ਦਿੱਲੀ : ਚੀਨ ਨਾਲ ਚੱਲ ਰਹੇ ਤਾਜ਼ਾ ਘਟਨਾਕ੍ਰਾਮ ਨੂੰ ਲੈ ਕੇ ਕਾਂਗਰਸ ਵਲੋਂ ਕੇਂਦਰ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਵਲੋਂ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਟਹਿਰੇ 'ਚ ਖੜ੍ਹਾ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇ ਰਹੇ।

ਇਸੇ ਦਰਮਿਆਨ ਕੁੱਝ ਭਾਜਪਾਈ ਆਗੂਆਂ ਵਲੋਂ ਵੀ ਰਾਹੁਲ ਗਾਂਧੀ ਦੇ ਇਸ ਵਿਵਹਾਰ 'ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ। ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਾਂਗਰਸ 'ਤੇ ਨਿਸ਼ਾਨਾ ਵਿਨਦਿਆਂ ਰਾਹੁਲ ਗਾਂਧੀ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਹੈ। ਇੱਥੇ ਹੀ ਬੱਸ ਨਹੀਂ, ਕੇਂਦਰੀ ਮੰਤਰੀ ਨੇ ਕਾਂਗਰਸ ਨੂੰ 'ਪੱਪੂ ਦਾ ਆਲ੍ਹਣਾ ਅਤੇ ਪਰਵਾਰ ਦਾ ਚੋਚਲਾ' ਤਕ ਕਹਿ ਦਿਤਾ ਹੈ।

ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਜਦੋਂ ਦੇਸ਼ ਦੇ ਸੁਰੱਖਿਆ ਬਲ ਦੁਸ਼ਮਣਾਂ ਨੂੰ ਢੁਕਵਾਂ ਜਵਾਬ ਦੇ ਰਹੇ ਹੋਣ, ਉਸ ਸਮੇਂ ਤੁਸੀਂ ਦੁਸ਼ਮਣਾਂ ਨੂੰ ਆਕਸੀਜਨ ਦੇਣ ਵਾਲੀਆਂ ਹਰਕਤਾਂ ਕਰਦੇ ਹੋ। ਇਸ ਲਈ ਕਾਂਗਰਸ ਪਾਰਟੀ ਸਿਮਟ ਰਹੀ ਹੈ। ਅੱਜ ਕਾਂਗਰਸ ਪਾਰਟੀ 'ਪੱਪੂ ਦਾ ਆਲ੍ਹਣਾ ਅਤੇ ਪਰਵਾਰ ਦਾ ਚੋਂਚਲਾ' ਬਣ ਕੇ ਰਹਿ ਗਈ ਹੈ।

ਇਸੇ ਦੌਰਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਚੀਨ ਨੇ ਭਾਰਤ ਦੀ ਧਰਤੀ 'ਤੇ ਕਬਜ਼ਾ ਕਰ ਲਿਆ ਹੈ। ਰਾਹੁਲ ਨੇ ਇਕ ਵੀਡੀਓ ਟਵੀਟ ਕੀਤਾ ਜਿਸ ਵਿਚ ਕੁੱਝ ਲੱਦਾਖੀ ਲੋਕ ਚੀਨੀ ਸੈਨਿਕਾਂ ਦੀ ਘੁਸਪੈਠ ਬਾਰੇ ਗੱਲ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਜੇ ਸਰਕਾਰ ਨੇ ਲੱਦਾਖੀ ਲੋਕਾਂ ਦੀਆਂ ਚੇਤਾਵਨੀਆਂ ਨੂੰ ਨਜ਼ਰ ਅੰਦਾਜ਼ ਕੀਤਾ ਤਾਂ ਇਹ ਭਾਰਤ ਨੂੰ ਮਹਿੰਗਾ ਪਵੇਗਾ।

ਕਾਬਲੇਗੌਰ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਸਮੇਤ ਕਈ ਕਾਂਗਰਸੀ ਆਗੂਆਂ ਚੀਨ ਨਾਲ ਚੱਲ ਰਹੇ ਵਿਵਾਦ ਮਾਮਲੇ 'ਚ ਮੋਦੀ ਸਰਕਾਰ ਨੂੰ ਘੇਰਣ ਲਈ ਸਰਗਰਮ ਹਨ। ਇਨ੍ਹਾਂ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਚੀਨ ਨੇ ਲੱਦਾਖ 'ਚ ਭਾਰਤੀ ਇਲਾਕੇ 'ਤੇ ਕਬਜ਼ਾ ਕੀਤਾ ਹੋਇਆ ਹੈ। ਇਨ੍ਹਾਂ ਆਗੂਆਂ ਨੇ ਕੇਂਦਰ ਸਰਕਾਰ 'ਤੇ ਚੀਨ ਨਾਲ ਸਹੀ ਢੰਗ ਨਾਲ ਨਾ ਨਿਟਪਣ ਦੇ ਦੋਸ਼ ਵੀ ਲਾਏ ਹਨ। ਇਸੇ ਦੇ ਪ੍ਰਤੀਕਰਮ ਵਜੋਂ ਹੁਣ ਭਾਜਪਾ ਆਗੂਆਂ ਨੇ ਵੀ ਕਾਂਗਰਸ 'ਤੇ ਪਲਟ ਵਾਰ ਕੀਤੇ ਜਾ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।