2007 ਹੈਦਰਾਬਾਦ ਬੰਬ ਧਮਾਕਾ ਮਾਮਲੇ 'ਚ ਦੋ ਦੋਸ਼ੀ ਕਰਾਰ, ਦੋ ਰਿਹਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਲ 2007 ਵਿਚ ਹੈਦਰਾਬਾਦ ਵਿਚ ਹੋਏ ਦੋਹਰੇ ਬੰਬ ਧਮਾਕੇ ਦੇ ਮਾਮਲੇ ਵਿਚ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਸਪੈਸ਼ਲ ਕੋਰਟ ਨੇ ਅੱਜ ਆਪਣਾ ਫੈਸਲਾ ਸੁਣਾ ...

Hyderabad Court

ਹੈਦਰਾਬਾਦ : ਸਾਲ 2007 ਵਿਚ ਹੈਦਰਾਬਾਦ ਵਿਚ ਹੋਏ ਦੋਹਰੇ ਬੰਬ ਧਮਾਕੇ ਦੇ ਮਾਮਲੇ ਵਿਚ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਸਪੈਸ਼ਲ ਕੋਰਟ ਨੇ ਅੱਜ ਆਪਣਾ ਫੈਸਲਾ ਸੁਣਾ ਦਿੱਤਾ ਹੈ। ਕੋਰਟ ਨੇ ਦੋ ਨੂੰ ਦੋਸ਼ੀ ਠਹਿਰਾਇਆ ਹੈ ਅਤੇ 2 ਦੋਸ਼ੀਆਂ ਨੂੰ ਬਰੀ ਕਰ ਦਿਤਾ ਹੈ। ਸਜ਼ਾ 'ਤੇ ਫ਼ੈਸਲਾ ਸੋਮਵਾਰ ਨੂੰ ਸੁਣਾਇਆ ਜਾਵੇਗਾ। ਜਿਨ੍ਹਾਂ ਨੂੰ ਅਦਾਲਤ ਵਲੋਂ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿਚ ਅਨੀਕ ਸਫੀਕ ਸਈਦ ਅਤੇ ਇਸਮਾਈਲ ਚੌਧਰੀ ਦੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਵੇਂ ਦੋਸ਼ੀ 'ਤੇ ਫ਼ੈਸਲਾ ਵੀ ਸੋਮਵਾਰ ਨੂੰ ਹੀ ਸੁਣਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਇਨ੍ਹਾਂ ਦੋਹਰੇ ਬੰਬ ਧਮਾਕਿਆਂ ਵਿਚ 44 ਲੋਕਾਂ ਦੀ ਮੌਤ ਹੋ ਗਈ ਸੀ ਅਤੇ 68 ਲੋਕ ਜ਼ਖ਼ਮੀ ਹੋ ਗਏ ਸਨ। ਅਡੀਸ਼ਨਲ ਮੈਟ੍ਰੋਪੋਲੀਟਨ ਸੈਸ਼ਨ ਜੱਜ ਟੀ ਸ਼੍ਰੀਨਿਵਾਸ ਰਾਵ ਨੇ 27 ਅਗਸਤ ਨੂੰ ਮਾਮਲੇ ਵਿਚ ਫ਼ੈਸਲਾ ਚਾਰ ਸਤੰਬਰ ਤਕ ਮੁਲਤਵੀ ਕਰ ਦਿਤਾ ਸੀ। ਮਾਮਲੇ ਦੀ ਜਾਂਚ ਤੇਲੰਗਾਨਾ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਵਿੰਗ (ਸੀਆਈ) ਨੇ ਕੀਤੀ ਸੀ। ਸੀਆਈ ਨੇ ਇਸ ਮਾਮਲੇ ਵਿਚ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੰਜਾਂ ਮੁਲਜ਼ਮਾਂ ਦੇ ਵਿਰੁਧ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ। ਇਨ੍ਹਾਂ ਵਿਚੋਂ 2 ਫ਼ਰਾਰ ਮੁਲਜ਼ਮ ਰਿਆਜ਼ ਭਟਕਲ ਅਤੇ ਇਕਬਾਲ ਭਟਕਲ ਦਾ ਵੀ ਨਾਂ ਸ਼ਾਮਲ ਸੀ।

ਇਹ ਸਾਰੇ ਇੰਡੀਅਨ ਮੁਜਾਹਿਦੀਨ ਦੇ ਕਥਿਤ ਅਤਿਵਾਦੀ ਸਨ। ਇਹ ਬੰਬ ਧਮਾਕੇ ਹੈਦਰਾਬਾਦ ਦੇ ਗੋਕੁਲਚਾਟ ਅਤੇ ਲੁੰਬਿਨੀ ਪਾਰਕ ਇਲਾਕੇ ਵਿਚ ਹੋਏ ਸਨ। ਬੰਬ ਧਮਾਕਿਆਂ ਤੋਂ ਬਾਅਦ ਪੁਲਿਸ ਨੇ ਦੋ ਅਲੱਗ ਸਥਾਨਾਂ ਤੋਂ ਦੋ ਜਿੰਦਾ ਆਈਈਡੀ ਬੰਬ ਵੀ ਬਰਾਮਦ ਕੀਤੇ ਸਨ। 11 ਸਾਲ ਬਾਅਦ ਅਦਾਲਤ ਨੇ ਆਖ਼ਰੀ ਬਹਿਸ ਦੇ ਆਧਾਰ 'ਤੇ ਅਪਣਾ ਫ਼ੈਸਲਾ ਸੁਣਾਇਆ। ਇਸ ਦੇ ਲਈ ਚੇਰਾਪੱਲੀ ਸੈਂਟਰਲ ਜੇਲ੍ਹ ਵਿਚ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਸਨ, ਜਿੱਥੇ ਇਸ ਮਾਮਲੇ ਦਾ ਟ੍ਰਾਇਲ ਵੀਡੀਓ ਕਾਨਫਰੰਸਿੰਗ ਜ਼ਰੀਏ ਚੱਲ ਰਿਹਾ ਸੀ। 

ਦਸ ਦਈਏ ਕਿ ਹੈਦਰਾਬਾਦ ਬੰਬ ਧਮਾਕਾ ਮਾਮਲੇ ਵਿਚ ਹੋਰ ਦੋਸ਼ੀ ਰਿਆਜ਼ ਭਟਕਲ, ਇਕਬਾਲ ਭਟਕਲ, ਫਾਰੂਖ਼ ਸ਼ਰਫੂਦੀਨ ਅਤੇ ਆਮਿਰ ਰਸੂਲ ਹੁਣ ਵੀ ਫ਼ਰਾਰ ਹਨ। ਇਸ ਮਾਮਲੇ ਵਿਚ ਅਜੇ ਅਨੀਕ ਸ਼ਫ਼ੀਕ, ਮੁਹੰਮਦ ਅਕਬਰ ਇਸਮਾਈਲ ਅਤੇ ਮੁਹੰਮਦ ਸਾਦਿਕ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ।