ਗਾਂ ਸਬੰਧੀ ਵਿਵਾਦ 'ਚ ਵਿਅਕਤੀ ਦੀ ਕੁੱਟਮਾਰ ਮਗਰੋਂ ਤਲਵਾਰ ਨਾਲ ਵੱਢਿਆ ਹੱਥ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਏਸੇਨ ਜ਼ਿਲ੍ਹਾ ਮੁੱਖ ਦਫ਼ਤਰ ਤੋਂ ਕਰੀਬ 40 ਕਿਲੋਮੀਟਰ ਦੂਰ ਸੁਲਤਾਨਪੁਰ ਥਾਣੇ ਅਧੀਨ ਪੈਂਦੇ ਪਿੰਡ ਪੀਪਲਵਾਲੀ ਵਿਚ ਇਕ ਗਾਂ ਦੇ ਗਾਇਬ ਹੋਣ 'ਤੇ ਹੋਏ ਵਿਵਾਦ ਨੂੰ...

Mans Hand Chopped

ਰਾਏਸੇਨ (ਮੱਧ ਪ੍ਰਦੇਸ਼) : ਰਾਏਸੇਨ ਜ਼ਿਲ੍ਹਾ ਮੁੱਖ ਦਫ਼ਤਰ ਤੋਂ ਕਰੀਬ 40 ਕਿਲੋਮੀਟਰ ਦੂਰ ਸੁਲਤਾਨਪੁਰ ਥਾਣੇ ਅਧੀਨ ਪੈਂਦੇ ਪਿੰਡ ਪੀਪਲਵਾਲੀ ਵਿਚ ਇਕ ਗਾਂ ਦੇ ਗਾਇਬ ਹੋਣ 'ਤੇ ਹੋਏ ਵਿਵਾਦ ਨੂੰ ਲੈ ਕੇ ਵਿਅਕਤੀ ਨੂੰ ਪੰਜ ਲੋਕਾਂ ਨੇ ਕਥਿਤ ਤੌਰ 'ਤੇ ਫੜ ਕੇ ਉਸ ਦਾ ਇਕ ਹੱਥ ਤਲਵਾਰ ਨਾਲ ਵੱਢ ਕੇ ਸਰੀਰ ਤੋਂ ਵੱਖ ਕਰ ਦਿਤਾ। ਇਹ ਘਟਨਾ ਸਨਿਚਰਵਾਰ ਦੀ ਦੱਸੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਦੋਸ਼ੀਆਂ ਨੇ ਦਰੱਖਤ ਨਾਲ ਬੰਨ੍ਹ ਦੇ ਉਸ ਦੀ ਕੁੱਟਮਾਰ ਵੀ ਕੀਤੀ। 

ਸੁਲਤਾਨਪੁਰ ਥਾਣੇ ਦੇ ਏਐਸਆਈ ਮਲਖ਼ਾਨ ਸਿੰਘ ਮੀਣਾ ਨੇ ਦਸਿਆ ਕਿ ਪਿੰਡ ਪੀਪਲਵਾਲੀ ਦੇ ਰਹਿਣ ਵਾਲੇ 35 ਸਾਲਾ ਕੱਲੂ ਸ਼ਾਮ ਉਰਫ਼ ਪ੍ਰੇਮ ਨਾਰਾਇਣ ਦੀ ਗਾਂ ਲਾਪਤ ਹੋ ਗਈ ਸੀ। ਗਾਂ ਨੂੰ ਲੱਭਦੇ ਹੋਏ ਉਹ ਪਿੰਡ ਵਿਚ ਸੱਤੂ ਲਾਲ ਯਾਦਵ ਨਾਮ ਦੇ ਵਿਅਕਤੀ ਦੇ ਘਰ ਪੁਛਣ ਲਈ ਗਿਆ। ਸੱਤੂ ਯਾਦਵ ਤੋਂ ਸੰਤੁਸ਼ਟੀਜਨਕ ਜਵਾਬ ਨਾ ਮਿਲਣ 'ਤੇ ਉਸ ਦੇ ਅਤੇ ਕੱਲੂ ਦੇ ਵਿਚਕਾਰ ਵਿਵਾਦ ਹੋ ਗਿਆ।

ਉਨ੍ਹਾਂ ਦਸਿਆ ਕਿ ਇਸ ਤੋਂ ਭੜਕੇ ਸੱਤੂ ਯਾਦਵ ਅਤੇ ਉਸ ਦੇ ਬੇਟੇ ਰਾਜਪਾਲ ਯਾਦਵ, ਰਾਹੁਲ ਯਾਦਵ, ਪਤਨੀ ਸਕੂਨ ਬਾਈ ਅਤੇ ਉਸ ਦੇ ਨੌਕਰ ਸੱਤੂ ਲੋਧੀ ਨੇ ਕੱਲੂ ਨੂੰ ਕਥਿਤ ਤੌਰ 'ਤੇ ਫੜਿਆ ਅਤੇ ਦਰੱਖਤ ਨਾਲ ਬੰਨ੍ਹ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਫਿਰ ਉਨ੍ਹਾਂ ਲੋਕਾਂ ਨੇ ਤਲਵਾਰ ਨਾਲ ਉਸ ਦਾ ਇਕ ਹੱਥ ਵੱਢ ਦਿਤਾ। ਮੀਣਾ ਨੇ ਦਸਿਆ ਕਿ ਦੋਸ਼ੀਆਂ ਨੇ ਉਸ ਦਾ ਦੂਜਾ ਹੱਥ ਵੀ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਉਨ੍ਰਾਂ ਕਿਹਾ ਕਿ ਸੂਚਨਾ ਮਿਲਣ 'ਤੇ ਕੱਲੂ ਸ਼ਾਹ ਦੇ ਪਰਵਾਰਕ ਮੈਂਬਰ ਉਥੇ ਪਹੁੰਚੇ ਅਤੇ ਉਸ ਨੂੰ ਉਨ੍ਹਾਂ ਕੋਲੋਂ ਛੁਡਾਇਆ। ਉਨ੍ਹਾਂ ਲੋਕਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿਤੀ।

ਕੱਲੂ ਸ਼ਾਹ ਨੂੰ ਗੰਭੀਰ ਹਾਲਤ ਵਿਚ ਸੁਲਤਾਨਪੁਰ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਉਸ ਨੂੰ ਮੁਢਲੇ ਇਲਾਜ ਤੋਂ ਬਾਅਦ ਭੋਪਾਲ ਰੈਫ਼ਰ ਕਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਦੋ ਮੁਲਜ਼ਮਾਂ ਸੱਤੂ ਯਾਦਵ ਅਤੇ ਉਸ ਦੇ ਬੇਟੇ ਰਾਜਪਾਲ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਤਿੰਨ ਮੁਲਜ਼ਮ ਫ਼ਰਾਰ ਹਨ। ਜਿਨ੍ਹਾਂ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ।