ਮਾਉਵਾਦੀਆਂ ਦੇ ਸੁਰੱਖਿਅਤ ਟਿਕਾਣੇ 'ਤੇ ਹੁਣ ਸੀਆਰਪੀਐਫ ਜਵਾਨ ਲੈ ਰਹੇ ਨੇ ਸਿਖ਼ਲਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਵਾਧੂ ਹਿਲਸ ਇਲਾਕੇ ਵਿਚ ਗੋਲੀਆਂ ਦੀ ਆਵਾਜ਼ ਗੂੰਜਣੀ ਕੋਈ ਨਵੀਂ ਗੱਲ ਨਹੀਂ ਹੈ। ਤਾਮਿਲਨਾਡੂ ਦੇ ਤਿਰੂਵੰਨਾਮਲਾਈ ਅਤੇ ਵੇਲੋਰ ਜ਼ਿਲ੍ਹੇ ਵਿਚ ਫੈਲੀਆਂ ਇਨ੍ਹਾਂ ਪਹਾੜੀਆਂ...

CRPF Training Ground

ਨਵੀਂ ਦਿੱਲੀ : ਜਵਾਧੂ ਹਿਲਸ ਇਲਾਕੇ ਵਿਚ ਗੋਲੀਆਂ ਦੀ ਆਵਾਜ਼ ਗੂੰਜਣੀ ਕੋਈ ਨਵੀਂ ਗੱਲ ਨਹੀਂ ਹੈ। ਤਾਮਿਲਨਾਡੂ ਦੇ ਤਿਰੂਵੰਨਾਮਲਾਈ ਅਤੇ ਵੇਲੋਰ ਜ਼ਿਲ੍ਹੇ ਵਿਚ ਫੈਲੀਆਂ ਇਨ੍ਹਾਂ ਪਹਾੜੀਆਂ 'ਤੇ ਕਦੇ ਮਾਓਵਾਦੀਆਂ ਨੇ ਸ਼ਰਨ ਲਈ ਹੋਈ ਸੀ ਅਤੇ ਇੱਥੋਂ ਅਪਣੇ ਖ਼ਤਰਨਾਕ ਇਰਾਦਿਆਂ ਨੂੰ ਅੰਜ਼ਾਮ ਦਿੰਦੇ ਸਨ। ਗੋਲੀਟਾਂ ਇੱਥੇ ਹੁਣ ਵੀ ਚਲਦੀਆਂ ਹਨ ਪਰ ਹੁਣ ਮਾਓਵਾਦੀਆਂ ਦੀ ਨਹੀਂ ਬਲਕਿ ਸੀਆਰਪੀਐਫ ਦੇ ਜਵਾਨਾਂ ਦੇ ਲਈ ਇਹ ਸਿਖ਼ਲਾਈ ਗਰਾਊਂਡ ਬਣ ਗਿਆ ਹੈ।

ਜੰਗਲਾਂ ਨਾਲ ਘਿਰੀਆਂ ਇਹ ਪਹਾੜੀਆਂ ਛੱਤੀਸਗੜ੍ਹ ਦੇ ਮਾਓਵਾਦ ਪ੍ਰਭਾਵਤ ਇਲਾਕਿਆਂ ਵਰਗੀਆਂ ਹਨ, ਇਹੀ ਵਜ੍ਹਾ ਹੈ ਕਿ ਸੀਆਰਪੀਐਫ ਨੇ ਇੱਥੇ ਅਪਣਾ ਸਿਖ਼ਲਾਈ ਗਰਾਊਂਡ ਸਥਾਪਿਤ ਕਰ ਲਿਆ ਹੈ। ਇੱਥੇ ਵੱਡਾ ਜੰਗਲ ਅਤੇ ਔਖੇ ਹਾਲਾਤ ਹੋਣ ਕਾਰਨ ਦੁਨੀਆਂ ਦੀ ਸਭ ਤੋਂ ਵੱਡੀ ਪੈਰਾ ਮਿਲਟਰੀ ਫੋਰਸ ਨੂੰ ਮਾਓਵਾਦੀਆਂ ਨਾਲ ਨਿਪਟਣ ਦੀ ਪੂਰੀ ਤਿਆਰੀ ਕਰਨ ਦਾ ਮੌਕਾ ਮਿਲ ਰਿਹਾ ਹੈ। ਖ਼ਾਸ ਤੌਰ 'ਤੇ ਜੰਗਲਾਂ ਦੇ ਵਿਚਕਾਰ ਨਕਸਲੀਆਂ ਨਾਲ ਨਿਪਟਣ ਦਾ ਇੱਥੇ ਤਜ਼ਰਬਾ ਲਿਆ ਜਾ ਸਕਦਾ ਹੈ।

ਇੱਥੋਂ ਸਿਖਲਾਈ ਪ੍ਰਾਪਤ 60 ਫ਼ੀਸਦੀ ਤੋਂ ਜ਼ਿਆਦਾ ਸੀਆਰਪੀਐਫ ਕਰਮਚਾਰੀਆਂ ਨੂੰ ਮਾਓਵਾਦ ਪ੍ਰਭਾਵਤ ਛੱਤੀਸਗੜ੍ਹ ਦੇ ਸੁਕਮਾ ਅਤੇ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿਚ ਤਾਇਨਾਤ ਕੀਤਾ ਗਿਆ ਹੈ। ਸੀਆਰਪੀਐਫ ਦੇ ਡਿਪਟੀ ਆਈਜੀ ਅਤੇ ਸੈਂਟਰ ਦੇ ਪ੍ਰਿੰਸੀਪਲ ਪ੍ਰਵੀਨ ਸੀ ਘਾਗ ਨੇ ਇਹ ਜਾਣਕਾਰੀ ਦਿਤੀ। 
6 ਅਪ੍ਰੈਲ 2010 ਨੂੰ ਦੰਤੇਵਾੜਾ ਵਿਚ 75 ਸੀਆਰਪੀਐਫ ਕਰਮਚਾਰੀਆਂ ਦੇ ਮਾਰੇ ਜਾਣ ਤੋਂ ਬਾਅਦ ਅਥਾਰਟੀਜ਼ ਨੂੰ ਇਹ ਮਹਿਸੂਸ ਹੋਇਆ ਸੀ ਕਿ ਜਵਾਨਾਂ ਦੀ ਵਿਸ਼ੇਸ਼ ਸਿਖ਼ਲਾਈ ਹੋਣੀ ਚਾਹੀਦੀ ਹੈ ਤਾਕਿ ਜੰਗਲਾਂ ਵਿਚ ਮੁਹਿੰਮ ਚਲਾਉਣ ਦੀ ਸਥਿਤੀ ਵਿਚ ਨਕਸਲੀਆਂ ਨੂੰ ਮਾਤ ਦਿਤੀ ਜਾ ਸਕੇ।

2010 ਦੇ ਅੰਤ ਵਿਚ ਤਾਮਿਲਨਾਡੂ ਕਾਡਰ ਆਈਪੀਐਸ ਅਧਿਕਾਰੀ ਵਿਜੇ ਕੁਮਾਰ ਨੇ ਸੀਆਰਪੀਐਫ ਦੇ ਡੀਜੀ ਦੇ ਤੌਰ 'ਤੇ ਕਮਾਨ ਸੰਭਾਲੀ ਸੀ ਅਤੇ ਖੱਬੇ ਪੱਖੀ ਅਤਿਵਾਦੀ ਸਮੂਹਾਂ ਦੀ ਸਰਗਰਮੀ ਵਾਲੇ ਇਲਾਕਿਆਂ ਵਰਗੇ ਮਾਹੌਲ ਵਿਚ ਸਿਖ਼ਲਾਈ ਦਾ ਫ਼ੈਸਲਾ ਲਿਆ। ਸੀਆਰਪੀਐਫ ਦੇ ਡਿਪਟੀ ਕਮਾਡੈਂਟ ਆਰ ਅਰੁਮੁਗਮ ਨੇ ਕਿਹਾ ਕਿ ਇਸੇ ਮਕਸਦ ਨਾਲ ਉਨ੍ਹਾਂ ਨੇ ਜਵਾਧੂ ਹਿਲਸ ਦਾ ਦੌਰਾ ਕੀਤਾ ਅਤੇ ਉਥੇ ਕੁੱਝ ਅਜਿਹੇ ਪਾਕੇਟਸ ਦੀ ਪਛਾਣ ਕੀਤੀ, ਜੋ ਮਾਓਵਾਦ ਨਾਲ ਪ੍ਰਭਾਵਤ ਛੱਤੀਸਗੜ੍ਹ ਦੇ ਇਲਾਕਿਆਂ ਵਰਗੇ ਸਨ। 2011-12 ਤੋਂ ਹੀ ਅਸੀਂ ਨਵੀਂ ਭਰਤੀ ਪਾਉਣ ਵਾਲੇ ਲੋਕਾਂ ਨੂੰ 29 ਦਿਨਾਂ ਤੀ ਸਿਖ਼ਲਾਈ ਲਈ ਜਵਾਧੂ ਹਿਲਸ ਲੈ ਕੇ ਆਉਂਦੇ ਹਾਂ। ਇੱਥੇ ਸੀਆਰਪੀਐਫ ਦੇ ਦੋ ਕੈਂਪ ਹਨ। 

ਤਾਮਿਲਨਾਡੂ ਪੁਲਿਸ ਦੇ ਸੇਵਾਮੁਕਤ ਐਸਪੀ ਐਮ ਅਸ਼ੋਕ ਕੁਮਾਰ ਦਸਦੇ ਹਨ ਕਿ 4 ਦਹਾਕੇ ਪਹਿਲੇ ਅਪਰੇਸ਼ਨ ਅਜੰਥਾ ਦੇ ਤਹਿਤ ਇਥੋਂ ਮਾਓਵਾਦ ਦਾ ਸਫ਼ਾਇਆ ਕੀਤਾ ਗਿਆ ਸੀ। ਉਦੋਂ ਸੂਬੇ ਵਿਚ ਰਾਮਚੰਦਰਨ ਦੀ ਸਰਕਾਰ ਸੀ। ਉਸ ਦੌਰ ਵਿਚ ਜਵਾਧੂ ਅਤੇ ਯੇਲਾਗਿਰੀ ਹਿਲਸ ਮਾਓਵਾਦੀਆਂ ਦੇ ਗੜ੍ਹ ਦੇ ਤੌਰ 'ਤੇ ਮਸ਼ਹੂਰ ਸਨ। ਹਿੰਸਾ ਦੇ ਨਾਲ ਹੀ ਅਪਣੇ ਏਜੰਡੇ ਨੂੰ ਫੈਲਾਉਣ ਵਾਲੇ ਮਾਓਵਾਦੀਆਂ ਦੇ ਲਈ ਉਸ ਦੌਰ ਵਿਚ ਇਹ ਸੁਰੱਖਿਆ ਪਨਾਹਗਾਹ ਸੀ ਪਰ ਹੁਣ ਇੱਥੇ ਸੀਆਰਪੀਐਫ ਦਾ ਬਸੇਰਾ ਹੈ।