ਛੱਤੀਸਗੜ੍ਹ 'ਚ ਮੁਕਾਬਲੇ ਦੌਰਾਨ 15 ਨਕਸਲੀ ਹਲਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛੱਤੀਸਗੜ੍ਹ ਦੇ ਸੁਕਮਾ 'ਚ ਸੁਰੱਖਿਆ ਜਵਾਨਾਂ ਨਾਲ ਮੁਕਾਬਲੇ 'ਚ 15 ਨਕਸਲੀ ਮਾਰੇ ਗਏ.................

Army troops taking a review of the spot

ਸੁਕਮਾ : ਛੱਤੀਸਗੜ੍ਹ ਦੇ ਸੁਕਮਾ 'ਚ ਸੁਰੱਖਿਆ ਜਵਾਨਾਂ ਨਾਲ ਮੁਕਾਬਲੇ 'ਚ 15 ਨਕਸਲੀ ਮਾਰੇ ਗਏ। ਘਟਨਾ ਸੁਕਮਾ ਦੇ ਕੋਂਟਾ ਦੀ ਹੈ। ਸੁਰੱਖਿਆ ਬਲਾਂ ਨੂੰ ਇਲਾਕੇ ਵਿਚ ਨਕਸਲੀ ਲੁਕੇ ਹੋਣ ਦੀ ਖ਼ਬਰ ਮਿਲੀ ਸੀ ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਨਕਸਲੀਆਂ ਕੋਲੋਂ 16 ਹਥਿਆਰ ਵੀ ਬਰਾਮਦ ਹੋਏ ਹਨ। ਛੱਤੀਸਗੜ੍ਹ ਦੇ ਇਤਿਹਾਸ ਵਿਚ ਇਹ ਸੱਭ ਤੋਂ ਵੱਡੇ ਨਕਸਲ-ਵਿਰੋਧੀ ਆਪਰੇਸ਼ਨਾਂ ਵਿਚ ਸ਼ਾਮਲ ਹੈ ਜਦ ਇਕੋ ਘਟਨਾ ਵਿਚ 15 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਡੀਜੀਪੀ ਡੀ ਐਮ ਅਵਸਥੀ ਨੇ ਦਸਿਆ ਕਿ ਔਰਤ ਸਮੇਤ ਦੋ ਨਕਸਲੀ ਜਿਹੜੇ ਮੁਕਾਬਲੇ ਵਿਚ ਜ਼ਖ਼ਮੀ ਹੋ ਗਏ ਸਨ, ਨੂੰ ਵੀ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਟੀਮਾਂ ਨੂੰ ਪਿਛਲੇ ਰਾਤ ਮੌਕੇ 'ਤੇ ਰਵਾਨਾ ਕੀਤਾ ਗਿਆ ਸੀ। ਗਸ਼ਤ ਟੀਮਾਂ ਵਿਚ 200 ਜਵਾਨ ਸ਼ਾਮਲ ਸਨ। ਮੁਕਾਬਲਾ ਕੋਈ ਅੱਧਾ ਘੰਟਾ ਚੱਲਿਆ। ਜਦ ਗੋਲੀਆਂ ਚਲਣੀਆਂ ਬੰਦ ਹੋ ਗਈਆਂ ਤਾਂ ਮੌਕੇ ਤੋਂ 15 ਮਾਉਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਸੂਬੇ ਵਿਚ ਇਸ ਸਾਲ ਹੁਣ ਤਕ 86 ਮਾਉਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। 19 ਜੁਲਾਈ ਨੂੰ ਮੁਕਾਬਲੇ ਵਿਚ ਅੱਠ ਨਕਸਲੀਆਂ ਨੂੰ ਮਾਰ ਦਿਤਾ ਗਿਆ ਸੀ।  

ਪੁਲਿਸ ਸਬ ਇੰਸਪੈਕਟਰ (ਐਂਟੀ-ਨਕਸਲ ਮੁਹਿੰਮ) ਸੁੰਦਰਰਾਜ ਪੀ ਨੇ ਦਸਿਆ ਕਿ ਰਾਏਪੁਰ ਤੋਂ ਲਗਭਗ 500 ਕਿਲੋਮੀਟਰ ਦੂਰ ਦਖਣੀ ਸੁਕਮਾ ਦੇ ਜੰਗਲ ਵਿਚ ਸਵੇਰ ਸਮੇਂ ਮੁਕਾਬਲਾ ਹੋਇਆ। 14 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ। ਐਂਟੀ ਨਕਸਲ ਆਪਰੇਸ਼ਨ ਦੇ ਸਪੈਸ਼ਲ ਡੀਜੀ ਨੇ ਦਸਿਆ ਕਿ 15 ਨਕਸਲੀਆਂ ਨੂੰ ਮਾਰਨ ਤੋਂ ਇਲਾਵਾ ਏਰੀਆ ਕਮੇਟੀ ਮੈਂਬਰ (ਏਸੀਐਮ) ਨੂੰ ਮਹਿਲਾ ਨਕਸਲੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਏਸੀਐਮ 'ਤੇ 5 ਲੱਖ ਰੁਪਏ ਦਾ ਇਨਾਮ ਸੀ। (ਏਜੰਸੀ)