ਹੈਰਾਨ ਕਰ ਦੇਵੇਗੀ ਨਕਸਲੀਆਂ ਦੀ ਇਹ 'ਨਵੀਂ ਰਣਨੀਤੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਰੱਖਿਆ ਬਲਾਂ ਨੇ ਭਾਵੇਂ ਕਿ ਨਕਸਲ ਪ੍ਰਭਾਵਿਤ ਖੇਤਰਾਂ ਵਿਚ ਨਕਸਲੀਆਂ ਵਿਰੁਧ ਕਈ ਅਭਿਆਨ ਛੇੜੇ ਹੋਏ ਹਨ, ਪਰ ਹੁਣ ਨਕਸਲੀਆਂ ਵਲੋਂ ਵੀ ਨਵੀਂ ....

Naksali

ਚੰਡੀਗੜ੍ਹ (ਭਾਸ਼ਾ) : ਸੁਰੱਖਿਆ ਬਲਾਂ ਨੇ ਭਾਵੇਂ ਕਿ ਨਕਸਲ ਪ੍ਰਭਾਵਿਤ ਖੇਤਰਾਂ ਵਿਚ ਨਕਸਲੀਆਂ ਵਿਰੁਧ ਕਈ ਅਭਿਆਨ ਛੇੜੇ ਹੋਏ ਹਨ, ਪਰ ਹੁਣ ਨਕਸਲੀਆਂ ਵਲੋਂ ਵੀ ਨਵੀਂ ਰਣਨੀਤੀ ਅਤੇ ਨਵੀਂ ਸਾਜਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਸੁਰੱਖਿਆ ਬਲਾਂ ਨੂੰ ਭਰਮਾਇਆ ਜਾ ਸਕੇ। ਸੁਰੱਖਿਆ ਬਲਾਂ ਦੀ ਇਕ ਮੁਹਿੰਮ ਦੌਰਾਨ ਨਕਸਲੀਆਂ ਦੇ ਇਨ੍ਹਾਂ ਨਾਪਾਕ ਮਨਸੂਬਿਆਂ ਦਾ ਪਤਾ ਚੱਲਿਆ ਹੈ।

ਦਰਅਸਲ ਛੱਤੀਸਗੜ੍ਹ ਦੇ ਜੰਗਲਾਂ ਵਿਚ ਨਕਸਲੀਆਂ ਵਲੋਂ ਸੁਰੱਖਿਆ ਬਲਾਂ ਨੂੰ ਅਪਣੇ ਜਾਲ ਵਿਚ ਫਸਾਉਣ ਲਈ ਦਰੱਖਤਾਂ ਨੇੜੇ ਨਕਲੀ ਬੰਦੂਕਾਂ ਫੜਾ ਕੇ ਪੁਤਲੇ ਖੜ੍ਹੇ ਕੀਤੇ ਜਾ ਰਹੇ ਹਨ ਤਾਂ ਜੋ ਸੁਰੱਖਿਆ ਬਲਾਂ ਨੂੰ ਇਸ ਭਰਮ ਜਾਲ ਵਿਚ ਫਸਾ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ, ਪਰ ਨਕਸਲੀਆਂ ਦੀ ਇਸ ਨਵੀਂ ਰਣਨੀਤੀ ਦਾ ਭਾਂਡਾ ਹੁਣ ਫੁੱਟ ਚੁੱਕਿਆ ਹੈ। ਦਰਅਸਲ ਆਧੁਨਿਕ ਤਕਨੀਕ ਅਤੇ ਹਥਿਆਰਾਂ ਨਾਲ ਲੈਸ ਭਾਰਤੀ ਜਵਾਨ ਜੰਗਲਾਂ ਵਿਚ ਚੁਣੌਤੀ ਬਣ ਚੁੱਕੇ ਨਕਸਲੀਆਂ ਨੂੰ ਕਰਾਰੀ ਮਾਤ ਦੇ ਰਹੇ ਹਨ, ਜਿਸ ਕਾਰਨ ਨਕਸਲੀਆਂ ਅਜਿਹੇ ਤਰੀਕੇ ਅਪਣਾਏ ਜਾ ਰਹੇ ਹਨ।

ਨਕਸਲੀਆਂ ਦੀ ਇਸ ਨਵੀਂ ਰਣਨੀਤੀ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਸੀਆਰਪੀਐਫ ਦੀ 150ਵੀਂ ਬਟਾਲੀਅਨ ਚਿੰਤਾਗੁਫ਼ਾ ਵੱਲ ਵਧ ਰਹੀ ਸੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਕੁੱਝ ਹਰਕਤ ਦਿਖਾਈ ਦਿਤੀ ਪਰ ਜਦੋਂ ਡੂੰਘਾਈ ਨਾਲ ਤਲਾਸ਼ੀ ਅਭਿਆਨ ਚਲਾਇਆ ਗਿਆ ਤਾਂ ਸੁਰੱਖਿਆ ਬਲਾਂ ਨੂੰ ਦਰੱਖਤਾਂ ਨੇੜੇ ਖੜ੍ਹੇ ਕੀਤੇ ਨਕਸਲੀਆਂ ਦੇ ਪੁਤਲੇ ਮਿਲੇ, ਜਿਨ੍ਹਾਂ ਦੇ ਹੱਥਾਂ ਵਿਚ ਨਕਲੀ ਬੰਦੂਕਾਂ ਫੜਾਈਆਂ ਹੋਈਆਂ ਸਨ।

ਇਸ ਦੌਰਾਨ ਇਕ ਆਈਈਡੀ ਵੀ ਬਰਾਮਦ ਹੋਇਆ, ਜਿਸ ਨੂੰ ਨਸ਼ਟ ਕਰ ਦਿਤਾ ਗਿਆ। ਭਾਵੇਂ ਕਿ ਨਕਸਲੀਆਂ ਨੇ ਸੁਰੱਖਿਆ ਬਲਾਂ ਨੂੰ ਮਾਤ ਦੇਣ ਲਈ ਨਵੀਂ ਰਣਨੀਤੀ ਬਣਾਈ ਹੋਵੇਗੀ ਪਰ ਸੁਰੱਖਿਆ ਬਲਾਂ ਦੇ ਅੱਗੇ ਉਨ੍ਹਾਂ ਦੀ ਇਹ ਰਣਨੀਤੀ ਫ਼ੇਲ੍ਹ ਸਾਬਤ ਹੋ ਗਈ ਹੈ।