ਖਣਨ ਘਪਲੇ 'ਚ ਆਈਏਐਸ ਬੀ.ਚੰਦਰਕਲਾ ਦੇ ਘਰ ਸਮੇਤ 12 ਥਾਵਾਂ 'ਤੇ ਸੀਬੀਆਈ ਦੇ ਛਾਪੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗ਼ੈਰ-ਕਾਨੂੰਨੀ ਖਣਨ ਨੂੰ ਲੈ ਕੇ ਮਿਲ ਰਹੀਆਂ ਸ਼ਿਕਾਇਤਾਂ ਅਤੇ ਪਟੀਸ਼ਨ ਦੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ 28 ਜੁਲਾਈ 2016 ਨੂੰ ਜਾਂਚ ਸੀਬੀਆਈ ਨੂੰ ਸੌਂਪ ਦਿਤੀ ਸੀ।

IAS Officer B Chandrakala

ਲਖਨਊ : ਸੀਬੀਆਈ ਨੇ ਆਈਏਐਸ ਬੀ. ਚੰਦਰਕਲਾ ਦੇ ਲਖਨਊ ਸਥਿਤ ਘਰ ਸਮੇਤ 12 ਥਾਵਾਂ 'ਤੇ ਛਾਪੇ ਮਾਰੇ। ਇਹ ਕਾਰਵਾਈ 2012 ਹਮੀਰਪੁਰ ਖਣਨ ਘਪਲੇ ਦੇ ਮਾਮਲੇ ਵਿਚ ਕੀਤੀ ਗਈ। ਖ਼ਬਰਾਂ ਮੁਤਾਬਕ ਸੀਬੀਆਈ ਇਸ ਮਾਮਲੇ ਵਿਚ ਅਖਿਲੇਸ਼ ਯਾਦਵ  ਤੋਂ ਵੀ ਪੁਛਗਿਛ ਕਰ ਸਕਦੀ ਹੈ। ਉਹ ਮੁੱਖ ਮੰਤਰੀ ਦੇ ਨਾਲ-ਨਾਲ 2012 ਤੋਂ 2013 ਤੱਕ ਖਣਨ ਮੰਤਰੀ ਵੀ ਰਹੇ ਸਨ। ਸੀਬੀਆਈ ਦਾ ਕਹਿਣਾ ਹੈ ਕਿ ਉਸ ਦੌਰਾਨ ਜੋ ਵੀ ਮੰਤਰੀ ਸਨ, ਉਹਨਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ।

ਚੰਦਰਕਲਾ ਦੇ ਘਰ ਤੋਂ ਇਲਾਵਾ ਸੀਬੀਆਈ ਨੇ ਲਖਨਊ ਨੋਇਡਾ, ਹਮੀਰਪੁਰ, ਜਾਲੌਨ ਅਤੇ ਕਾਨਪੁਰ ਵਿਚ ਬਸਪਾ ਅਤੇ ਸਪਾ ਨੇਤਾਵਾਂ ਦੇ ਘਰ ਵੀ ਛਾਪੇ ਮਾਰੇ ਗਏ। ਹਮੀਰਪੁਰ ਵਿਚ ਬਸਪਾ ਨੇਤਾ ਸਤਿਆ ਦੇਵ ਦੀਕਸ਼ਿਤ, ਸਪਾ ਐਮਐਲਸੀ ਰਮੇਸ਼ ਮਿਸ਼ਰਾ,ਜਾਲੌਨ ਵਿਚ ਬਸਪਾ ਨੇਤਾ ਰਾਮ ਅਵਤਾਰ ਰਾਜਪੂਰ ਅਤੇ ਕਰਨ ਸਿੰਘ ਰਾਜਪੂਤ ਦੇ ਘਰਾਂ 'ਤੇ ਇਸੇ ਮਾਮਲੇ ਵਿਚ ਕਾਰਵਾਈ ਕੀਤੀ ਗਈ। ਅਖਿਲੇਸ਼ ਸਰਕਾਰ ਵਿਚ 2008 ਬੈਚ ਦੀ ਆਈਏਐਸ ਬੀ.ਚੰਦਰਕਲਾ ਦੀ ਪਹਿਲੀ ਪੋਸਟਿੰਗ ਹਮੀਰਪੁਰ ਵਿਖੇ ਜ਼ਿਲ੍ਹਾ ਅਧਿਕਾਰੀ ਦੇ ਅਹੁਦੇ 'ਤੇ ਕੀਤੀ ਗਈ ਸੀ।

ਦੋਸ਼ ਹੈ ਕਿ 2012 ਵਿਚ ਉਹਨਾਂ ਨੇ ਨਿਯਮਾਂ ਨੂੰ ਅਣਗੌਲਿਆ ਕਰਦੇ ਹੋਏ ਸਪਾ ਨੇਤਾਵਾਂ ਨੂੰ ਖਣਨ ਦੇ 60 ਪੱਟੇ ਜਾਰੀ ਕੀਤੇ, ਜਦਕਿ ਈ-ਟੇਂਡਰ ਰਾਹੀਂ ਇਸ ਨੂੰ ਪ੍ਰਵਾਨਗੀ ਦੇਣ ਦਾ ਪ੍ਰਬੰਧ ਹੈ। ਲਖਨਊ ਵਿਚ ਯੋਜਨਾ ਭਵਨ ਦੇ ਨੇੜੇ ਸਥਿਤ ਸਫਾਇਰ ਅਪਾਰਟਮੈਂਟ ਵਿਚ ਚੰਦਰਕਲਾ ਦੇ ਫਲੈਟ ਨੰਬਰ 101 ਵਿਖੇ ਸੀਬੀਆਈ ਨੇ ਛਾਪਾ ਮਾਰਿਆ। ਉਸ ਵੇਲ੍ਹੇ ਚੰਦਰਕਲਾ ਫਲੈਟ ਵਿਚ ਨਹੀਂ ਸੀ। ਟੀਮ ਨੇ ਇਥੋਂ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕੀਤੇ। ਸੀਬੀਆਈ ਮੁਤਾਬਕ ਇਸ ਮਾਮਲੇ ਵਿਚ ਆਦਿਲ ਖਾਨ, ਉਸ ਵੇਲ੍ਹੇ ਦੇ ਅਧਿਕਾਰੀ ਮੋਇਨੂਦੀਨ,

ਸਪਾ ਐਮਐਲਸੀ ਰਮੇਸ਼ ਮਿਸ਼ਰਾ ਅਤੇ ਉਹਨਾਂ ਦੇ ਭਰਾ ਰਮੇਸ਼ ਮਿਸ਼ਰਾ, ਖਣਨ ਕਲਰਕ ਰਾਮ ਆਸ਼ਰਿਆ ਪ੍ਰਜਾਪਤੀ, ਅੰਬਿਕਾ ਤਿਵਾੜੀ, ਖਣਨ ਕਲਰਕ ਰਾਮ ਅਵਤਾਰ ਸਿੰਘ ਅਤੇ ਉਹਨਾਂ ਦੇ ਰਿਸ਼ਤੇਦਾਰ ਸੰਜੇ ਦੀਕਸ਼ਿਤ ਦੋਸ਼ੀ ਹਨ। ਸਾਲ 2015 ਵਿਚ ਗ਼ੈਰ-ਕਾਨੂੰਨੀ ਖਣਨ 'ਤੇ ਕਾਰਵਾਈ ਦੀ ਮੰਗ ਲਈ ਇਲਾਹਾਬਾਦ ਹਾਈਕੋਰਟ ਵਿਚ ਇਕ ਪਟੀਸਨ ਦਾਖਲ ਕੀਤੀ ਗਈ ਸੀ।

ਹਾਈਕੋਰਟ ਨੇ 16 ਅਕਤੂਬਰ 2015 ਨੂੰ ਹਮੀਰਪੁਰ ਵਿਚ ਜਾਰੀ ਕੀਤੇ ਗਏ ਸਾਰੇ 60 ਮੌਰੰਗ ਖਣਨ ਦੇ ਪੱਟਿਆਂ ਨੂੰ ਗ਼ੈਰ-ਕਾਨੂੰਨੀ ਐਲਾਨ ਕਰਦੇ ਹੋਏ ਰੱਦ ਕਰ ਦਿਤਾ ਸੀ। ਗ਼ੈਰ-ਕਾਨੂੰਨੀ ਖਣਨ ਨੂੰ ਲੈ ਕੇ ਮਿਲ ਰਹੀਆਂ ਸ਼ਿਕਾਇਤਾਂ ਅਤੇ ਪਟੀਸ਼ਨ ਦੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ 28 ਜੁਲਾਈ 2016 ਨੂੰ ਜਾਂਚ ਸੀਬੀਆਈ ਨੂੰ ਸੌਂਪ ਦਿਤੀ ਸੀ।