ਮੌਸਮੀ ਤਬਦੀਲੀ ਨੂੰ ਲੈ ਕੇ ਸਭ ਤੋਂ ਵਧੀਆ ਕੰਮ ਕਰ ਰਿਹਾ ਭਾਰਤ- ਪੀਐਮ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨੇ ਕੀਤਾ ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪ ਲਾਈਨ ਦਾ ਉਦਘਾਟਨ

PM Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪ ਲਾਈਨ ਦਾ ਉਦਘਾਟਨ ਕੀਤਾ। ਇਸ ਮੌਕੇ ਪੀਐਮ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਸ਼ਮੂਲੀਅਤ ਕੀਤੀ, ਜਿਸ ਵਿਚ ਕੇਰਲ ਦੇ ਮੁੱਖ ਮੰਤਰੀ, ਕਰਨਾਟਕ ਦੇ ਮੁੱਖ ਵੀ ਸ਼ਾਮਲ ਸਨ।

ਉਦਘਾਟਨ ਸਮਾਰੋਹ ਦੌਰਾਨ ਪੀਐਮ ਮੋਦੀ ਨੇ ਕਿਹਾ, ਅੱਜ ਦਾ ਦਿਨ ਬਹੁਤ ਅਹਿਮ ਹੈ। ਇਸ ਪਾਈਪ ਲਾਈਨ ਜ਼ਰੀਏ ਦੋਵੇਂ ਸੂਬਿਆਂ ਦੀ ਅਰਥਵਿਵਸਥਾ ਨੂੰ ਬਸ ਮਿਲੇਗਾ। ਇਸ ਇਕ ਗੱਲ ਦੀ ਉਦਾਹਰਣ ਹੈ ਕਿ ਵਿਕਾਸ ਨੂੰ ਤਰਜੀਹ ਦਿੰਦੇ ਹੋਏ ਸਾਰੇ ਮਿਲ ਕੇ ਕੰਮ ਕਰੀਏ ਤਾਂ ਕੋਈ ਵੀ ਟੀਚਾ ਅਸੰਭਵ ਨਹੀਂ ਹੋਵੇਗਾ।

ਪੀਐਮ ਮੋਦੀ ਨੇ ਕਿਹਾ ਕਿ ਅੱਜ ਦੇਸ਼ ਵਿਚ ਵਨ ਨੇਸ਼ਨ ਵਨ ਗੈਸ ਗ੍ਰਿਡ ‘ਤੇ ਕੰਮ ਹੋ ਰਿਹਾ ਹੈ, ਗੈਰ ਇਕਾਨਮੀ ਨੂੰ ਖੜਾ ਕਰਨਾ ਅੱਜ ਦੀ ਲੋੜ ਹੈ। ਅੱਜ ਜਿਸ ਪਾਈਪ ਲਾਈਨ ਦੀ ਸ਼ੁਰੂਆਤ ਹੋ ਰਹੀ ਹੈ, ਉਸ ਨਾਲ ਦੋਵੇਂ ਸੂਬਿਆਂ ਦੇ ਲੋਕਾਂ ਦਾ ਜੀਵਨ ਸੌਖਾ ਹੋਵੇਗਾ। ਇਸ ਦੇ ਨਾਲ ਹੀ ਉਦਯੋਗਾਂ ਦੇ ਖਰਚ ਵਿਚ ਵੀ ਕਟੌਤੀ ਆਵੇਗੀ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਾਈਪਲਾਈਨ ਦੇ ਨਿਰਮਾਣ ਦੌਰਾਨ 12 ਲੱਖ ਮਨੁੱਖੀ ਘੰਟਿਆਂ ਦਾ ਰੁਜ਼ਗਾਰ ਪੈਦਾ ਹੋਵੇਗਾ। ਪਾਈਪਲਾਈਨ ਬਣਨ ਤੋਂ ਬਾਅਦ ਵੀ ਹੁਣ ਰੁਜ਼ਗਾਰ ਦੇ ਖੇਤਰ ਵਿਚ ਫਾਇਦਾ ਮਿਲੇਗਾ। ਉਹਨਾਂ ਕਿਹਾ ਭਾਰਤ ਮੌਸਮੀ ਤਬਦੀਲੀ ਨੂੰ ਲੈ ਕੇ ਸਭ ਤੋਂ ਬਿਹਤਰ ਕੰਮ ਕਰ ਰਿਹਾ ਹੈ, ਦੁਨੀਆਂ ਨੇ ਵੀ ਇਸ ਗੱਲ਼ ਨੂੰ ਮੰਨਿਆ ਹੈ।

ਪੀਐਮ ਮੋਦੀ ਨੇ ਕਿਹਾ ਕਿ ਪਹਿਲੀ ਅੰਤਰਰਾਜੀ ਪਾਈਪ ਲਾਈਨ 1987 ਵਿਚ ਚਾਲੂ ਕੀਤੀ ਗਈ ਸੀ, 2014 ਵਿਚ ਦੇਸ਼ ਵਿਚ 15 ਹਜ਼ਾਰ ਕਿਮੀ. ਕੁਦਰਤੀ ਪਾਈਪ ਲਾਈਨ ਬਣਾਈ ਗਈ ਸੀ। ਪਰ ਅੱਜ ਦੇਸ਼ ਵਿਚ 16 ਹਜ਼ਾਰ ਕਿਮੀ ਪਾਈਪ ਲਾਈਨ 'ਤੇ ਕੰਮ ਚੱਲ ਰਿਹਾ ਹੈ, ਜੋ ਅਗਲੇ ਪੰਜ ਸਾਲਾਂ  ‘ਚ ਪੂਰਾ ਹੋ ਜਾਵੇਗਾ। ਪੀਐਮ ਮੋਦੀ ਨੇ ਕਿਹਾ ਕਿ 2014 ਤੱਕ ਦੇਸ਼ ਵਿਚ ਸੀਐਨਜੀ ਸਟੇਸ਼ਨਾਂ ਦੀ ਗਿਣਤੀ ਸਿਰਫ 900 ਸੀ, ਪਰ ਪਿਛਲੇ 6 ਸਾਲਾਂ ਵਿਚ 1500 ਨਵੇਂ ਸਟੇਸ਼ਨ ਬਣੇ ਹਨ। ਹੁਣ ਦੇਸ਼ ਵਿਚ ਸੀਐਨਜੀ ਸਟੇਸ਼ਨਾਂ ਦੀ ਗਿਣਤੀ ਵਧਾ ਕੇ ਦਸ ਹਜ਼ਾਰ ਕਰਨ ਦਾ ਟੀਚਾ ਹੈ।