ਯਮੂਨਾ ਬਚਾਓ ਮੁਹਿੰਮ 'ਚ ਫਿਲਮੀ ਸਿਤਾਰਿਆਂ ਦੀ ਮਦਦ ਲਈ ਜਾਵੇ : ਪੈਨਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਨਜੀਟੀ ਨੂੰ ਦਿਤੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਯਮੂਨਾ ਵਿਚ ਜ਼ਹਿਰੀਲੇ ਤੱਤ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ।

Pollution in the Yamuna

ਨਵੀਂ ਦਿੱਲੀ : ਯਮੂਨਾ ਦੀ ਹਾਲਤ 'ਤੇ ਅਧਿਐਨ ਲਈ ਬਣਾਏ ਗਏ ਪੈਨਲ ਨੇ ਅਪਣੀ ਰੀਪੋਰਟ ਵਿਚ ਕਿਹਾ ਹੈ ਕਿ ਨਦੀ ਨੂੰ ਬਚਾਉਣ ਲਈ ਫਿਲਮ ਅਤੇ ਟੀਵੀ ਕਲਾਕਾਰਾਂ ਦੀ ਮਦਦ ਲੈਣੀ ਹੋਵੇਗੀ। ਐਨਜੀਟੀ ਨੂੰ ਦਿਤੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਯਮੂਨਾ ਵਿਚ ਜ਼ਹਿਰੀਲੇ ਤੱਤ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਇਸ 'ਤੇ ਰੋਕ ਲਗਾਉਣ ਲਈ ਦਿੱਲੀ ਐਨਸੀਆਰ ਵਿਚ ਗੁਜਰਾਤ ਦੇ ਸੂਰਤ ਦੀ ਤਰਜ਼ 'ਤੇ ਮੂਰਤੀਆਂ ਨੂੰ ਜਲ ਪ੍ਰਵਾਹ ਕਰਨ ਲਈ ਯੋਜਨਾ ਤਿਆਰ ਕੀਤੀ ਜਾਵੇ।

ਐਨਜੀਟੀ ਦੇ ਚੇਅਰਮੈਨ ਜਸਟਿਸ ਏ.ਕੇ.ਗੋਇਲ ਨੂੰ ਦਿਤੀ ਰੀਪੋਰਟ ਵਿਚ ਕਿਹਾ ਗਿਆ ਕਿ ਫਿਲਮ ਅਤੇ ਟੀਵੀ ਸਿਤਾਰਿਆਂ ਰਾਹੀਂ ਜਾਗਰੂਕਤਾ ਮੁਹਿੰਮ ਵਿਚ ਲੋਕਾਂ ਨੂੰ ਦੱਸਿਆ ਜਾਵੇ ਕਿ ਉਹ ਅਜਿਹੀ ਮੂਰਤੀਆਂ ਦੀ ਵਰਤੋਂ ਕਰਨ ਜਿਹਨਾਂ ਤੇ ਪੇਂਟ ਨਾ ਹੋਵੇ। ਉਹਨਾਂ ਦਾ ਮੰਨਣਾ ਹੈ ਕਿ ਸਿਤਾਰਿਆਂ ਦੀ ਅਪੀਲ ਦਾ ਲੋਕਾਂ 'ਤੇ ਡੂੰਘਾ ਅਸਰ ਪੈ ਸਕਦਾ ਹੈ। ਯਮੂਨਾ ਦੀ ਸਫਾਈ ਨੂੰ ਲੈ ਕੇ ਬੀਤੇ ਸਾਲ ਜੁਲਾਈ

ਵਿਚ ਬਣਾਏ ਗਏ ਪੈਨਲ ਵਿਚ ਦਿੱਲੀ ਦੇ ਚੀਫ ਸਕੱਤਰ ਰਹੇ ਸ਼ੈਲਜਾ ਚੰਦਰਾ ਅਤੇ ਬੀਐਸ ਸਜਾਵਨ ਸ਼ਾਮਲ ਹਨ। ਪੈਨਲ ਦਾ ਕਹਿਣਾ ਹੈ ਕਿ ਸਰਕਾਰ ਨੂੰ ਬਨਾਵਟੀ ਤਲਾਅ ਤਿਆਰ ਕਰਨੇ ਚਾਹੀਦੇ ਹਨ। ਇਹਨਾਂ ਥਾਵਾਂ 'ਤੇ ਮੂਰਤੀਆਂ ਨੂੰ ਜਲ ਪ੍ਰਵਾਹ ਕਰਨ ਦਾ ਕੰਮ ਹੋਣਾ ਚਾਹੀਦਾ ਹੈ। ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਮੂਰਤੀਆਂ ਦੇ ਜਲ ਪ੍ਰਵਾਹ ਲਈ ਲਿਆਂਦੀ

ਗਈ ਮੂਰਤੀ ਤਿੰਨ ਫੁੱਟ ਤੋਂ ਜ਼ਿਆਦਾ ਲੰਮੀ ਨਾ ਹੋਵੇ। ਪੈਨਲ ਨੇ ਕਿਹਾ ਕਿ ਸੂਰਤ ਵਿਚ ਤਾਪਤੀ ਨਦੀ ਵਿਚ ਮੂਰਤੀਆਂ ਦੇ ਜਲ ਪ੍ਰਵਾਹ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਲੋਕਾਂ 'ਤੇ ਨਜ਼ਰ ਰੱਖਣ ਲਈ ਸਰਕਾਰ ਨੇ 4000 ਸੀਸੀਟੀਵੀ ਕੈਮਰੇ ਲਗਾਏ ਹਨ। 8000 ਪੁਲਿਸ ਜਵਾਨ, 3250 ਹੋਮਗਾਰਡ, ਸਟੇਟ ਰਿਜ਼ਰਵ ਪੁਲਿਸ ਦੀਆਂ ਅੱਠ ਕੰਪਨੀਆਂ ਦੇ ਨਾਲ ਹੀ ਬੀਐਸਐਫ ਅਤੇ

ਆਰਏਐਫ ਦੇ ਜਵਾਨ ਲੋਕਾਂ ਨੂੰ ਮੂਰਤੀਆਂ ਦੇ ਜਲ ਪ੍ਰਵਾਹ ਤੋਂ ਰੋਕ ਰਹੇ ਹਨ। ਸਿਰਫ ਸਥਾਨਕ ਪੱਧਰ 'ਤੇ ਬਣਾਏ ਤਲਾਅ ਅਤੇ ਟੋਇਆਂ ਵਿਚ ਹੀ ਮੂਰਤੀਆਂ ਦੇ ਜਲ ਪ੍ਰਵਾਹ ਦੀ ਇਜਾਜ਼ਤ ਦਿਤੀ ਗਈ ਹੈ। ਪੈਨਲ ਨੇ ਕਿਹਾ ਹੈ ਕਿ ਦਿੱਲੀ ਦੇ ਡਿਵੀਜ਼ਨਲ ਕਮਿਸ਼ਨਰ ਨੂੰ ਸੂਰਤ ਵਿਚ ਜਾ ਕੇ ਮੂਰਤੀਆਂ ਦੇ ਜਲ ਪ੍ਰਵਾਹ ਲਈ ਤਿਆਰ ਕੀਤੀ ਯੋਜਨਾ  ਦੀ ਬਾਰੀਕੀ ਨਾਲ ਸਮੀਖਿਆ ਕਰਕੇ ਉਸ ਨੂੰ ਦਿੱਲੀ ਵਿਚ ਲਾਗੂ ਕਰਨਾ ਚਾਹੀਦਾ ਹੈ।