ਬੌਧ ਭਿਕਸ਼ੂ ਤੋਂ ਤਿਬੱਤ ਦੀ ਪਹਿਲੀ ਟਰਾਂਸਜੈਂਡਰ ਮਾਡਲ ਬਣੀ ਤੇਨਜ਼ਿਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹਨਾਂ ਦੱਸਿਆ ਕਿ ਤਿਬੱਤੀ ਭਾਈਚਾਰਾ ਭਾਵੇਂ ਛੋਟਾ ਹੈ ਪਰ ਉਹ ਮੈਨੂੰ ਇਕ ਹਸਤੀ ਦੇ ਤੌਰ 'ਤੇ ਜਾਣਦੇ ਹਨ। 

Tenzin Mariko Becomes First Transgender Model

ਧਰਮਸ਼ਾਲਾ : ਬੀਤੇ ਸਮੇਂ ਵਿਚ ਬੌਧ ਭਿਕਸ਼ੂ ਰਹੀ ਤੇਨਜ਼ਿਨ ਮਾਰਿਕੋ ਤਿਬੱਤ ਦੀ ਪਹਿਲੀ ਟਰਾਂਸਜੈਂਡਰ ਮਾਡਲ ਬਣਨ ਕਾਰਨ ਸੁਰਖੀਆਂ ਵਿਚ ਹੈ। ਤੇਨਜ਼ਿਨ ਦਾ ਜਨਮ ਪੁਰਸ਼ ਦੇ ਤੌਰ 'ਤੇ ਹੋਇਆ ਸੀ ਅਤੇ ਉਹ ਛੇ ਭਰਾਵਾਂ ਵਿਚੋਂ ਇਕ ਸਨ। ਉਹਨਾਂ ਦਾ ਪਰਵਾਰ 1990 ਦੇ ਦਹਾਕੇ ਵਿਚ ਬੀਰ, ਹਿਮਾਚਲ ਪ੍ਰਦੇਸ਼ ਵਿਚ ਵਸਣ ਲਈ ਭਾਰਤ ਆਇਆ ਸੀ। ਉਹ ਦੱਸਦੀ ਹੈ ਕਿ ਇਕ ਰਵਾਇਤੀ ਤਿਬੱਤੀ ਪਰਵਾਰ ਵਿਚ ਛੇ ਭਰਾਵਾਂ ਵਿਚੋਂ ਇਕ ਹੋਣਾ ਸੌਖਾ ਨਹੀਂ ਸੀ।

ਪਰ ਉਸ ਨੇ ਅਪਣੇ ਅਤੀਤ ਨੂੰ ਪਿੱਛੇ ਛੱਡ ਕੇ ਜੀਉਣਾ ਸਿੱਖ ਲਿਆ ਹੈ। ਉਹ ਦੱਸਦੀ ਹੈ ਕਿ ਜੀਵਨ ਦੇ ਸ਼ੁਰੂਆਤੀ ਦਿਨਾਂ ਵਿਚ ਉਸ ਦੇ ਅੰਦਰ ਔਰਤਾਂ ਦੀਆਂ ਚੀਜ਼ਾਂ ਪ੍ਰਤੀ ਖਿੱਚ ਹੁੰਦੀ ਸੀ। ਪਰਵਾਰ ਦੇ ਮੈਂਬਰ ਅਤੇ ਦੋਸਤ ਦੱਸਦੇ ਸਨ ਕਿ ਪੁਰਸ਼ਾਂ ਤੋਂ ਵੱਖਰੇ ਤਰ੍ਹਾਂ ਦੇ ਵਤੀਰੇ ਦੀ ਆਸ ਕੀਤੀ ਜਾਂਦੀ ਹੈ। ਤੇਨਜ਼ਿਨ ਨੂੰ 9 ਸਾਲ ਦੀ ਉਮਰ ਵਿਚ ਮੱਠ ਵਿਚ ਭੇਜ ਦਿਤਾ ਗਿਆ ਪਰ ਉਥੇ ਵੀ ਔਰਤਾਂ ਦੀਆਂ ਚੀਜ਼ਾਂ ਪ੍ਰਤੀ ਉਸ ਦੀ ਖਿੱਚ ਬਰਕਰਾਰ ਰਹੀ।

ਉਸ ਨੇ ਅਪਣੇ ਔਰਤਵਾਦੀ ਪੱਖ ਨੂੰ ਹੀ ਅਪਨਾਉਣ ਦਾ ਫ਼ੈਸਲਾ ਕੀਤਾ। ਤੇਨਜ਼ਿਨ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਮੈਂ ਇਕ ਦਿਨ ਵਿਚ ਹੀ ਟਰਾਂਸਜੈਂਡਰ ਬਣਨ ਦਾ ਫ਼ੈਸਲਾ ਕੀਤਾ ਹੋਵੇ ਕਿਉਂਕਿ ਮੇਰੇ ਸਾਹਮਣੇ ਵਿੱਤੀ ਅਤੇ ਸਮਾਜਿਕ ਦੋਹਾਂ ਤਰ੍ਹਾਂ  ਦੀਆਂ ਚੁਨੌਤੀਆਂ ਸਨ। 2014 ਵਿਚ ਮੈਂ ਬਿਹਤਰੀ ਲਈ ਅਜਿਹੀਆਂ ਚੀਜ਼ਾਂ ਨੂੰ ਬਦਲਣ ਦਾ ਫ਼ੈਸਲਾ ਕੀਤਾ।

ਔਰਤਾਂ ਦੇ ਕਪੜਿਆਂ ਵਿਚ ਡਾਂਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੇਨਜ਼ਿਨ ਨੇ ਬੌਧ ਭਿਕਸ਼ੂ ਦਾ ਚੋਲਾ ਤਿਆਗ ਦਿਤਾ। ਤੇਨਜ਼ਿਨ ਮੁਤਾਬਕ ਜਦੋਂ ਤਿਬੱਤੀ ਭਾਈਚਾਰੇ ਵਿਚ ਵੀਡੀਓ ਲੀਕ ਹੋਇਆ ਤਾਂ ਮੈਂ ਬਹੁਤ ਡਰ ਗਈ ਸੀ। ਸਾਲ 2015 ਵਿਚ ਉਹਨਾਂ ਨੇ ਸਰਜਰੀ ਕਰਵਾਈ ਅਤੇ ਧਰਮਸ਼ਾਲਾ ਵਿਚ ਮਿਸ ਤਿੱਬਤ ਪੇਂਜਟ ਵਿਚ ਡਾਂਸਰ ਦੇ ਤੌਰ 'ਤੇ ਅਪਣੀ ਪਹਿਲੀ

ਜਨਤਕ ਹਾਜ਼ਰੀ ਦਰਜ ਕਰਵਾਈ। ਅੱਜ ਸੋਸ਼ਲ ਮੀਡੀਆ ਵਿਚ ਤੇਨਜ਼ਿਨ ਦੇ ਹਜ਼ਾਰਾਂ ਪ੍ਰੰਸਸਕ ਹਨ। ਉਹਨਾਂ ਨੇ ਅਪਣੇ ਦੇਸ਼ ਅਤੇ ਭਾਰਤ ਦੇ ਕਈ ਟਰਾਂਸਜੈਂਡਰਾਂ ਨੂੰ ਅਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ ਹੈ। ਉਹਨਾਂ ਦੱਸਿਆ ਕਿ ਤਿਬੱਤੀ ਭਾਈਚਾਰਾ ਭਾਵੇਂ ਛੋਟਾ ਹੈ ਪਰ ਉਹ ਮੈਨੂੰ ਇਕ ਹਸਤੀ ਦੇ ਤੌਰ 'ਤੇ ਜਾਣਦੇ ਹਨ।