ਥੱਪੜ ਤੋਂ ਬਾਅਦ ਮੋਦੀ ’ਤੇ ਵਰ੍ਹੇ ਕੇਜਰੀਵਾਲ, ਜਾਣੋ ਕੀ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਵਿਰੁਧ ਜੋ ਬੋਲੇਗਾ ਉਸ ਨੂੰ ਨਹੀਂ ਬਖ਼ਸ਼ਿਆ ਜਾਵੇਗਾ, ਇਹ ਹੈ ਤਾਨਾਸ਼ਾਹੀ ਦੀ ਨਿਸ਼ਾਨੀ

Arwind Kejriwal

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਕੱਲ੍ਹ ਅਪਣੇ ’ਤੇ ਹੋਏ ਹਮਲੇ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦਰਅਸਲ, ਬੀਤੇ ਕੱਲ੍ਹ ਅਰਵਿੰਦ ਕੇਜਰੀਵਾਲ ਨੂੰ ਰੋਡ ਸ਼ੋਅ ਦੌਰਾਨ ਇਕ ਨੌਜਵਾਨ ਨੇ ਥੱਪੜ ਮਾਰ ਦਿਤਾ ਸੀ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈ ਸੀ। ਅੱਜ ਐਤਵਾਰ ਨੂੰ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪੰਜ ਸਾਲਾਂ ’ਚ ਮੇਰੇ ’ਤੇ ਨੌਵਾਂ ਹਮਲਾ ਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਵਾਂ ਹਮਲਾ ਸੀ।

ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਦੇਸ਼ ਦੇ ਇਤਿਹਾਸ ਵਿਚ ਕਿਸੇ ਮੁੱਖ ਮੰਤਰੀ ’ਤੇ ਇੰਨੇ ਹਮਲੇ ਹੋਏ ਹੋਣਗੇ। ਹਾਲਾਂਕਿ ਦਿੱਲੀ ਦਾ ਸੀਐਮ ਹੀ ਦੇਸ਼ ਦਾ ਇਕਲੌਤਾ ਸੀਐਮ ਹੈ ਜਿਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵਿਰੋਧੀ ਪਾਰਟੀ ਯਾਨੀ ਭਾਜਪਾ ਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਹੋਏ ਇਸ ਹਮਲੇ ਦੇ ਪਿੱਛੇ ਭਾਜਪਾ ਦਾ ਹੱਥ ਹੈ। ਭਾਜਪਾ ਇਹ ਦੱਸਣਾ ਚਾਹੁੰਦੀ ਹੈ ਕਿ ਮੋਦੀ ਵਿਰੁਧ ਜੋ ਵੀ ਬੋਲੇਗਾ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਪਰ ਇਹ ਤਾਨਾਸ਼ਾਹੀ ਦੀ ਨਿਸ਼ਾਨੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਐਤਵਾਰ ਸਵੇਰੇ ਕੇਜਰੀਵਾਲ ਨੇ ਥੱਪੜ ਮਾਰਨ ਵਾਲੇ ਨੌਜਵਾਨ ਵਿਰੁਧ ਐਫ਼ਆਈਆਰ ਦਰਜ ਕਰ ਲਈ ਸੀ। ਦਿੱਲੀ ਪੁਲਿਸ ਮੁਤਾਬਕ ਆਈਪੀਸੀ ਸੈਕਸ਼ਨ 323 ਤਹਿਤ ਦੋਸ਼ੀ ਸੁਰੇਸ਼ ਵਿਰੁਧ ਇਹ ਕਾਰਵਾਈ ਕੀਤੀ ਗਈ ਹੈ। ਇਹ ਵੀ ਦੱਸ ਦਈਏ ਕਿ ਸ਼ਨਿਚਰਵਾਰ ਸ਼ਾਮ ਦਿੱਲੀ ਦੇ ਮੋਤੀਨਗਰ ਵਿਚ ਰੋਡ ਸ਼ੋਅ ਕਰ ਰਹੇ ਸੀ ਤਾਂ ਉਦੋਂ ਅਚਾਨਕ ਇਕ ਨੌਜਵਾਨ ਨੇ ਕੇਜਰੀਵਾਲ ’ਤੇ ਹਮਲਾ ਕਰ ਦਿਤਾ, ਜਿਸ ਮਗਰੋਂ ਉੱਥੇ ਮੌਜੂਦ ‘ਆਪ’ ਆਗੂਆਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਨੌਜਵਾਨ ਦਾ ਕੁਟਾਪਾ ਚਾੜਿਆ ਅਤੇ ਪੁਲਿਸ ਹਵਾਲੇ ਕਰ ਦਿਤਾ।

ਮਿਲੀ ਜਾਣਕਾਰੀ ਮੁਤਾਬਕ, ਦਿੱਲੀ ਦੇ ਕੈਲਸ਼ ਪਾਰਕ ਨਿਵਾਸੀ ਸੁਰੇਸ਼ ਦੀ ਪਤਨੀ ਨੇ ਦੱਸਿਆ ਕਿ ਉਹ ਮੋਦੀ ਵਿਰੁਧ ਕੇਜਰੀਵਾਲ ਦੇ ਦਿਤੇ ਬਿਆਨਾਂ ਤੋਂ ਖ਼ਫ਼ਾ ਸੀ, ਜਿਸ ਕਰਕੇ ਉਸ ਨੇ ਗੁੱਸੇ ਵਿਚ ਆ ਕੇ ਮੁੱਖੀ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਹਮਲਾ ਕਰ ਦਿਤਾ।