ਭਾਜਪਾ ਉਮੀਦਵਾਰ ਨੇ ਅਤਿਵਾਦੀ ਮਸੂਦ ਅਜ਼ਹਰ ਨੂੰ 'ਜੀ' ਕਹਿ ਕੇ ਕੀਤਾ ਸੰਬੋਧਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਦੇ ਉਮੀਦਵਾਰ ਜੈਯੰਤ ਸਿਨ੍ਹਾਂ ਨੇ ਖ਼ਤਰਨਾਕ ਅਤਿਵਾਦੀ ਮਸੂਦ ਅਜ਼ਹਰ ਨੂੰ 'ਜੀ' ਕਹਿ ਕੇ ਸੰਬੋਧਨ ਕੀਤਾ ਹੈ।

Jayant Sinha

ਨਵੀਂ ਦਿੱਲੀ: ਇਕ ਪਾਸੇ ਤਾਂ ਮੋਦੀ ਸਰਕਾਰ ਅਤਿਵਾਦ ਦੇ ਖ਼ਾਤਮੇ ਲਈ ਵੱਡੇ-ਵੱਡੇ ਮਿਸ਼ਨ ਚਲਾਉਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਮੋਦੀ ਸਰਕਾਰ ਦੇ ਮੰਤਰੀ ਖ਼ਤਰਨਾਕ ਅਤਿਵਾਦੀਆਂ ਨੂੰ 'ਜੀ' ਕਹਿ ਕੇ ਸੰਬੋਧਨ ਕਰ ਰਹੇ ਹਨ। ਕੇਂਦਰੀ ਮੰਤਰੀ ਅਤੇ ਝਾਰਖੰਡ ਦੀ ਹਜ਼ਾਰੀਬਾਗ਼ ਸੀਟ ਤੋਂ ਭਾਜਪਾ ਦੇ ਉਮੀਦਵਾਰ ਜੈਯੰਤ ਸਿਨ੍ਹਾਂ ਨੇ ਖ਼ਤਰਨਾਕ ਅਤਿਵਾਦੀ ਮਸੂਦ ਅਜ਼ਹਰ ਨੂੰ 'ਜੀ' ਕਹਿ ਕੇ ਸੰਬੋਧਨ ਕੀਤਾ ਹੈ। ਜਿਸ ਤੋਂ ਬਾਅਦ ਉਹ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ।

ਰਾਮਗੜ੍ਹ ਵਿਚ ਇਕ ਚੋਣ ਪ੍ਰੋਗਰਾਮ ਦੌਰਾਨ ਜਦੋਂ ਮੀਡੀਆ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਜੈਯੰਤ ਸਿਨਹਾ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਲਿਹਾਜ਼ ਨਾਲ ਇਹ ਇਕ ਵੱਡਾ ਮੌਕਾ ਹੈ। ਇਸੇ ਦੌਰਾਨ ਉਹਨਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਾਰੀਫ਼ ਕੀਤੀ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਭਾਜਪਾ ਮੰਤਰੀ ਨੇ ਕਿਸੇ ਅਤਿਵਾਦੀ ਨੂੰ ਇੰਨੇ ਇੱਜ਼ਤ ਮਾਣ ਨਾਲ ਪੁਕਾਰਿਆ ਹੋਵੇ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਵੀ ਲਸ਼ਕਰ ਏ ਤੋਇਬਾ ਦੇ ਅਤਿਵਾਦੀ ਹਾਫ਼ਿਜ਼ ਸਈਦ ਨੂੰ 'ਜੀ' ਕਹਿ ਕੇ ਸੰਬੋਧਨ ਕਰ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਬਿਹਾਰ ਵਿਚ ਮਹਾਂ ਗਠਜੋੜ ਦੇ ਮੈਂਬਰ ਅਤੇ ‘ਹਮ’ ਪਾਰਟੀ ਦੇ ਮੁਖੀ ਜੀਤਨਰਾਮ ਨੇ ਅਪਣੇ ਇਕ ਬਿਆਨ ਵਿਚ ਮਸੂਦ ਅਜ਼ਹਰ ਨੂੰ ਸਾਹਿਬ ਕਹਿ ਦਿੱਤਾ ਸੀ। ਇਸ ਤੋਂ ਇਲਾਵਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਅਪਣੇ ਇਕ ਬਿਆਨ ਵਿਚ ਮਸੂਦ ਅਜ਼ਹਰ ਨੂੰ 'ਜੀ' ਕਹਿ ਕੇ ਸੰਬੋਧਨ ਕਰ ਚੁੱਕੇ ਹਨ। ਰਾਹੁਲ ਗਾਂਧੀ ਦੇ ਇਸ ਬਿਆਨ ‘ਤੇ ਭਾਜਪਾ ਨੇ ਉਹਨਾਂ ਦੀ ਸਖ਼ਤ ਅਲੋਚਨਾ ਵੀ ਕੀਤੀ ਸੀ। ਦੱਸ ਦਈਏ ਕਿ ਬੀਤੀ 1 ਮਈ ਨੂੰ ਮਸੂਦ ਅਜ਼ਹਰ ਨੂੰ ਯੂਐਨ ਵਿਚ ਅੰਤਰਰਾਸ਼ਟਰੀ ਅਤਿਵਾਦੀ ਐਲਾਨਿਆ ਗਿਆ ਹੈ।