ਇਸ ਟ੍ਰੇਨ ਨੂੰ ਨਹੀਂ ਪੈਂਦੀ ਕੋਲੇ, ਡੀਜ਼ਲ ਅਤੇ ਬਿਜਲੀ ਦੀ ਲੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਦੇ ਨਹੀਂ ਦੇਖੀ ਹੋਣੀ ਤੁਸੀਂ ਪਾਕਿਸਤਾਨ ਦੀ ਇਹ 'ਅਨੋਖੀ ਟ੍ਰੇਨ'

Horse Train

ਨਵੀਂ ਦਿੱਲੀ- ਤੁਸੀਂ ਭਾਫ਼, ਡੀਜ਼ਲ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਟ੍ਰੇਨਾਂ ਤਾਂ ਜ਼ਰੂਰ ਦੇਖੀਆਂ ਹੋਣਗੀਆਂ। ਇਨ੍ਹਾਂ ਤੋਂ ਇਲਾਵਾ ਹਾਈ ਸਪੀਡ ਬੁਲੇਟ ਟ੍ਰੇਨ ਵੀ ਦੇਖੀ ਹੋਵੇਗੀ ਪਰ ਅੱਜ ਅਸੀਂ ਜਿਸ ਟ੍ਰੇਨ ਦੀ ਗੱਲ ਕਰਨ ਜਾ ਰਹੇ ਹਾਂ। ਉਸ ਬਾਰੇ ਤੁਸੀਂ ਸ਼ਾਇਦ ਹੀ ਸੁਣਿਆ ਹੋਵੇ ਅਤੇ ਇਹ ਅਜਿਹੀ ਟ੍ਰੇਨ ਹੈ। ਜਿਸ ਨੂੰ ਚਲਾਉਣ ਲਈ ਨਾ ਤਾਂ ਕੋਲੇ ਦੀ ਲੋੜ ਪੈਂਦੀ ਹੈ ਨਾ ਡੀਜ਼ਲ ਦੀ ਅਤੇ ਨਾ ਹੀ ਬਿਜਲੀ ਦੀ। ਇਸਦਾ ਟ੍ਰੇਨ ਦਾ ਨਾਮ ਘੋੜਾ ਰੇਲ ਹੈ।

ਦਰਅਸਲ ਇਹ ਰੇਲ ਗੱਡੀ ਘੋੜੇ ਦੀ ਮਦਦ ਨਾਲ ਚਲਦੀ ਹੈ। ਰੇਲ ਦੀ ਪੱਟੜੀ ਵਾਂਗ ਹੀ ਇਸ ਦੀ ਪੱਟੜੀ ਹੁੰਦੀ ਹੈ। ਸੇਠ ਗੰਗਾਰਾਮ ਵੱਲੋਂ ਸ਼ੁਰੂ ਕੀਤੀ ਇਹ ਘੋੜਾ ਰੇਲ ਗੱਡੀ ਆਜ਼ਾਦੀ ਤੋਂ ਕਾਫ਼ੀ ਸਮਾਂ ਬਾਅਦ ਤੱਕ ਵੀ ਪਾਕਿਸਤਾਨੀ ਪੰਜਾਬ ਵਿਚ ਚਲਦੀ ਰਹੀ ਜਦਕਿ ਇਸ ਘੋੜਾ-ਰੇਲ ਦੀ ਸ਼ੁਰੂਆਤ 1898 ਵਿਚ ਕੀਤੀ ਗਈ ਸੀ। ਕੋਈ ਸਮਾਂ ਸੀ ਜਦੋਂ ਅੰਗਰੇਜ਼ ਅਧਿਕਾਰੀ ਵੀ ਇਸ ਘੋੜਾ ਰੇਲ ਦੀ ਖ਼ੂਬ ਵਰਤੋਂ ਕਰਦੇ ਸਨ।

ਇਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਦਾ ਇਹ ਇਕ ਵਧੀਆ ਸਾਧਨ ਸੀ। ਜਿਸ ਵਿਚ ਕਾਫ਼ੀ ਸਵਾਰੀਆਂ ਢੋਈਆਂ ਜਾ ਸਕਦੀਆਂ ਸਨ। ਲੋਹੇ ਦੀ ਪਟੜੀ ਹੋਣ ਕਾਰਨ ਘੋੜੇ ਦਾ ਇੰਨਾ ਜ਼ਿਆਦਾ ਜ਼ੋਰ ਵੀ ਨਹੀਂ ਲਗਦਾ ਸੀ ਅਤੇ ਘੋੜਾ ਟਾਪੋ ਟਾਪ ਦੌੜਿਆ ਚਲਿਆ ਜਾਂਦਾ ਸੀ। ਪਹਿਲਾਂ ਘੋੜਾ-ਰੇਲ ਚਾਲਕ ਸਵਾਰੀਆਂ ਬਿਠਾਉਂਦਾ ਹੈ ਤੇ ਫਿਰ ਉਨ੍ਹਾਂ ਤੋਂ ਟਿਕਟਾਂ ਵੀ ਲੈਂਦੈ। ਫਿਰ ਘੋੜਾ ਚਾਲਕ ਦੇ ਇਸ਼ਾਰੇ 'ਤੇ ਘੋੜਾ-ਰੇਲ ਗੱਡੀ ਭੀੜੀ ਜਿਹੀ ਪਟੜੀ 'ਤੇ ਦੌੜਨ ਲਗਦੀ ਹੈ।

ਲੋਕ ਘੋੜਾ ਰੇਲ ਦੇ ਸਫ਼ਰ ਨੂੰ ਕਾਫ਼ੀ ਅਰਾਮਦਾਇਕ ਸਫ਼ਰ ਮੰਨਦੇ ਸਨ ਕਿਉਂਕਿ ਘੋੜਾ ਰੇਲ 'ਤੇ ਬੈਠੇ ਲੋਕਾਂ ਨੂੰ ਕੋਈ ਹਿਲੋਲਾ ਤਕ ਵੀ ਨਹੀਂ ਲਗਦਾ ਸੀ। ਜਦੋਂ ਦੋ ਘੋੜਾ ਰੇਲ-ਗੱਡੀਆਂ ਆਹਮੋ-ਸਾਹਮਣੇ ਆ ਜਾਂਦੀਆਂ ਨੇ ਤਾਂ ਘੋੜਾ ਰੇਲ ਦੇ ਚਾਲਕ ਇਕ ਦੂਜੇ ਨਾਲ ਅਪਣੀਆਂ ਗੱਡੀਆਂ ਵਟਾ ਲੈਂਦੇ ਹਨ ਅਤੇ ਘੋੜੇ ਨੂੰ ਗੱਡੀ ਦੇ ਦੂਜੇ ਪਾਸੇ ਜੋੜ ਦਿੱਤਾ ਜਾਂਦਾ ਹੈ।

ਪਹਿਲਾਂ ਇਹ ਘੋੜਾ ਰੇਲ ਪਾਕਿਸਤਾਨ ਵਿਚ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਫ਼ੈਸਲਾਬਾਦ ਦੇ ਪਿੰਡ ਗੰਗਾਪੁਰ ਤੋਂ ਬੁਚਿਆਣਾ ਮੰਡੀ ਰੇਲਵੇ ਸਟੇਸ਼ਨ ਤਕ ਚਲਾਈ ਜਾਂਦੀ ਸੀ। ਇੱਥੇ ਇਸ ਘੋੜਾ ਰੇਲ ਗੱਡੀ ਦਾ ਸਟੇਸ਼ਨ ਵੀ ਬਣਿਆ ਹੋਇਆ ਹੈ ਹੁਣ ਇਹ ਘੋੜਾ ਰੇਲ ਨਹੀਂ ਚੱਲਦੀ, ਪਰ ਲੋਕਾਂ ਵਲੋਂ ਸਰਕਾਰ ਤੋਂ ਇਸ ਰੇਲ ਨੂੰ ਫੈਸਲਾਬਾਦ ਜ਼ਿਲ੍ਹੇ ਦੀ ਪਛਾਣ ਵਜੋਂ ਮੁੜ ਸੁਰਜੀਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਲੋਕਾਂ ਵਿਚ ਅਜੇ ਵੀ ਘੋੜਾ ਰੇਲ ਦਾ ਕ੍ਰੇਜ਼ ਬਰਕਰਾਰ ਹੈ ਅਤੇ ਉਹ ਮੁੜ ਤੋਂ ਘੋੜਾ ਰੇਲ ਦੀ ਸਵਾਰੀ ਕਰਨਾ ਚਾਹੁੰਦੇ ਹਨ।