14 ਜਨਵਰੀ ਤੱਕ ਸਬਰੀਮਾਲਾ 'ਚ ਧਾਰਾ 144 ਲਾਗੂ, ਭਾਜਪਾ ਨੇ ਬੈਠਕ ਦਾ ਕੀਤਾ ਬਾਇਕਾਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਤਨਮਥਿੱਟਾ ਦੇ ਜ਼ਿਲ੍ਹਾਅਧਿਕਾਰੀ ਨੇ ਹਿੰਸਾ ਨੂੰ ਮੁੱਖ ਰੱਖਦੇ ਹੋਏ ਧਾਰਾ 144 ਨੂੰ ਵਧਾਉਣ ਦਾ ਫ਼ੈਸਲਾ ਲਿਆ।

Sabarimala temple

ਤਿਰੁਵਨੰਤਪੁਰਮ : ਕੇਰਲ ਵਿਚ ਜਾਰੀ ਹਿੰਸਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਧਾਰਾ 144 ਨੂੰ 14 ਜਨਵਰੀ ਮਕਰਵਿਲਕੂ ਤਿਉਹਾਰ ਤੱਕ ਵਧਾ ਦਿਤਾ ਹੈ। ਪਤਨਮਥਿੱਟਾ ਦੇ ਜ਼ਿਲ੍ਹਾਅਧਿਕਾਰੀ ਨੇ ਹਿੰਸਾ ਨੂੰ ਮੁੱਖ ਰੱਖਦੇ ਹੋਏ ਧਾਰਾ 144 ਨੂੰ ਵਧਾਉਣ ਦਾ ਫ਼ੈਸਲਾ ਲਿਆ। ਅਡੂਰ, ਪੰਡਲਮ, ਕੋਡੁਮਨ, ਅਤੇ ਨੇਦੁਮੰਗਦੂ ਜਿਹੀਆਂ ਥਾਵਾਂ 'ਤੇ ਪਹਿਲਾਂ ਤੋਂ ਹੀ ਧਾਰਾ 144 ਲਾਗੂ ਹੈ। 2 ਜਨਵਰੀ ਨੂੰ 50 ਸਾਲ ਤੋਂ ਘੱਟ ਦੀ ਉਮਰ ਦੀਆਂ ਦੋ ਔਰਤਾਂ ਦੇ ਮੰਦਰ ਵਿਚ ਦਾਖਲੇ ਤੋਂ ਬਾਅਦ ਤੋਂ ਹੀ ਰਾਜ ਵਿਚ ਹਿੰਸਾ ਜਾਰੀ ਹੈ। ਮਕਰਵਿਲਕੂ 14 ਜਨਵਰੀ ਨੂੰ ਹੈ ਅਤੇ ਮੰਦਰ ਦੇ ਦਰਵਾਜੇ 20 ਜਨਵਰੀ ਨੂੰ ਸਵੇਰੇ 7 ਵਜੇ ਬੰਦ ਹੋ ਜਾਣਗੇ।

ਇਸੇ ਦੌਰਾਨ ਪਤਨਮਥਿੱਟਾ ਦੇ ਅਡੂਰ ਵਿਖੇ ਰੇਵੇਨਿਊ ਡਿਵੀਜ਼ਨਲ ਅਧਿਕਾਰੀ ਵੱਲੋਂ ਬੁਲਾਈ ਗਈ ਸ਼ਾਂਤੀ ਬੈਠਕ ਦਾ ਭਾਜਪਾ ਨੇ ਬਾਇਕਾਟ ਕੀਤਾ। ਭਾਜਪਾ ਦਾ ਦੋਸ਼ ਹੈ ਕਿ ਸਬਰੀਮਾਲਾ ਕੰਮਕਾਜੀ ਕਮੇਟੀ ਨਾਲ ਜੁੜੇ ਚੰਦਰਨ ਉਨੀਥਨ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਹੁਣ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਅਜਿਹੀ ਹਾਲਤ ਵਿਚ ਉਹ ਕਿਸੇ ਵੀ ਬੈਠਕ ਵਿਚ ਸ਼ਾਮਲ ਨਹੀਂ ਹੋਵੇਗੀ। ਪੱਥਰਬਾਜ਼ੀ ਵਿਚ ਜਖ਼ਮੀ ਉਨੀਥਨ ਦੀ 3 ਜਨਵਰੀ ਨੂੰ ਮੌਤ ਹੋ ਗਈ ਸੀ।

ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਕਿਹਾ ਕਿ ਸੰਘ ਪਰਿਵਾਰ ਲੋਕਾਂ ਦੇ ਦਿਮਾਗ ਵਿਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਦੇ ਲੋਕ ਵਿਧਾਇਕਾਂ ਅਤੇ ਪਾਰਟੀ ਦੇ ਦੂਜੇ ਨੇਤਾਵਾਂ ਦੇ ਘਰਾਂ ਤੇ ਹਮਲੇ ਕਰ ਰਹੇ ਹਨ। ਉਹ ਰਾਜ ਵਿਚ ਸ਼ਾਂਤੀ ਭੰਗ ਕਰ ਰਹੇ ਹਨ। ਸੀਨੀਅਰ ਕਾਂਗਰਸ ਨੇਤਾ ਰਮੇਸ਼ ਚੇਨੀਥੱਲਾ ਨੇ ਸਰਕਾਰ ਤੋਂ ਪੁੱਛਿਆ ਕਿ ਉਹ ਸੰਘ ਅਤੇ ਭਾਜਪਾ ਦੇ ਲੋਕਾਂ ਨੂੰ ਹਿੰਸਾ ਕਰਨ ਤੋਂ ਰੋਕਣ ਵਿਚ ਕਿਉਂ ਕਾਮਯਾਬ ਨਹੀਂ ਹੋਈ।

ਉਹਨਾਂ ਨੇ ਦੋਸ਼ ਲਗਾਇਆ ਕਿ ਪੁਲਿਸ ਕਾਨੂੰਨ ਵਿਵਸਥਾ ਬਣਾਏ ਰੱਖਣ ਵਿਚ ਫੇਲ੍ਹ ਰਹੀ ਹੈ, ਜਿਸ ਨੂੰ ਰਾਜ ਦੇ ਡੀਜੀਪੀ ਨੇ ਵੀ ਵੀ ਮੰਨਿਆ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਜੀ. ਵੀ. ਐਲ. ਨਰਸਿਮਹਾ ਰਾਓ ਨੇ ਕਿਹਾ ਕਿ ਮਾਕਪਾ ਦੇ ਗੁੰਡੇ ਰਾਜ ਵਿਚ ਹਿੰਸਾ ਕਰ ਰਹੇ ਹਨ ਜਿਹਨਾਂ ਨੂੰ ਸਰਕਾਰੀ ਸੁਰੱਖਿਆ ਹਾਸਲ ਹੈ। ਭਾਜਪਾ ਨੇਤਾ ਨੇ ਦਾਅਵਾ ਕੀਤਾ ਹੈ ਕਿ ਸੀਐਮ ਵਿਜਯਨ ਜਿਸ ਕਨੂਰ ਜ਼ਿਲ੍ਹੇ  ਨਾਲ ਉਹ ਸਬੰਧ ਰੱਖਦੇ ਹਨ ਉਹ ਹਿੰਸਾ ਦਾ ਕੇਂਦਰ ਬਣ ਚੁੱਕਾ ਹੈ।