ਰੱਖਿਆ ਮੰਤਰੀ ਐਚਏਐਲ ਨੂੰ ਪੈਸੇ ਦੇਣ ਜਾਂ ਸਬੂਤ ਦੇਣ, ਜਾਂ ਫਿਰ ਅਸਤੀਫਾ ਦੇਣ :  ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਨੇ ਟਵੀਟ ਕਰ ਕੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੂੰ ਸਬੂਤ ਪੇਸ਼ ਕਰਨ ਦੀ ਚੁਣੌਤੀ ਦਿਤੀ ਹੈ।

Rahul Gandhi

 ਨਵੀਂ ਦਿੱਲੀ : ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਸੰਸਦ ਵਿਚ ਹਿੰਦੂਸਤਾਨ ਏਅਰੋਨੋਟਿਕਸ ਲਿਮਿਟੇਡ ਨੂੰ ਇਕ ਲੱਖ ਕਰੋੜ ਰੁਪਏ ਦੇਣ ਦਾ ਸਰਕਾਰ ਦਾ ਹੁਕਮ ਦਿਖਾਉਣ ਜਾਂ ਫਿਰ ਅਪਣੇ ਅਹੁਦੇ ਤੋਂ ਅਸਤੀਫਾ ਦੇਣ। ਰਾਹੁਲ ਗਾਂਧੀ ਨੇ ਇਕ ਦਿਨ ਪਹਿਲਾਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ 'ਤੇ ਦੋਸ਼ ਲਗਾਇਆ ਸੀ ਕਿ ਸੂਟਬੂਟ ਵਾਲੇ ਦੋਸਤਾਂ ਦੀ ਮਦਦ ਲਈ ਸਰਕਾਰ ਨੇ ਐਚਏਐਲ ਨੂੰ ਕਮਜ਼ੋਰ ਕੀਤਾ ਹੈ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੂੰ ਸਬੂਤ ਪੇਸ਼ ਕਰਨ ਦੀ ਚੁਣੌਤੀ ਦਿਤੀ ਹੈ।

ਕਾਂਗਰਸ ਮੁਖੀ ਨੇ ਕਿਹਾ ਕਿ ਜਦ ਤੁਸੀਂ ਝੂਠ ਬੋਲਦੇ ਹੋ ਤਾਂ ਤੁਹਾਨੂੰ ਪਹਿਲਾਂ ਝੂਠ ਨੂੰ ਲੁਕਾਉਣ ਲਈ ਵੱਧ ਝੂਠ ਬੋਲਣਾ ਪੈਂਦਾ ਹੈ। ਰਾਫੇਲ 'ਤੇ ਪ੍ਰਧਾਨ ਮੰਤਰੀ ਦਾ ਬਚਾਅ ਕਰਨ ਦੀ ਕਾਹਲੀ ਵਿਚ ਰੱਖਿਆ ਮੰਤਰੀ ਨੇ ਸੰਸਦ ਵਿਚ ਝੂਠ ਬੋਲਿਆ। ਰੱਖਿਆ ਮੰਤਰੀ ਨੇ ਸੰਸਦ ਵਿਚ ਐਚਏਐਲ ਨੂੰ ਇਕ ਲੱਖ ਕਰੋੜ ਰੁਪਏ ਦੇਣ ਦਾ ਸਰਕਾਰੀ ਹੁਕਮ ਦਿਖਾਉਣਾ ਪਵੇਗਾ ਜਾਂ ਉਹ ਅਪਣੇ ਅਹੁਦੇ ਤੋਂ ਅਸਤੀਫਾ ਦੇਣ। ਰਾਹੁਲ ਗਾਂਧੀ ਦੇ ਟਵੀਟ ਤੋਂ ਬਾਅਦ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਟਵੀਟ ਰਾਹੀਂ ਜਵਾਬ ਦਿਤਾ। ਸੀਤਾਰਮਣ ਨੇ ਟਵੀਟ ਕੀਤਾ ਕਿ ਇਹ ਸ਼ਰਮ ਦੀ ਗੱਲ ਹੈ

ਕਿ ਕਾਂਗਰਸ ਮੁਖੀ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ। ਐਚਏਐਲ ਨੇ 2014 ਤੋਂ 2018 ਵਿਚਕਾਰ 26,570.0 ਕਰੋੜ ਰੁਪਏ ਦੇ ਸੌਦਿਆਂ 'ਤੇ ਦਸਤਖ਼ਤ ਕੀਤੇ ਅਤੇ 73,000 ਕਰੋੜ ਰੁਪਏ ਦੇ ਕੰਟਰੈਕਟ ਪਾਈਪਲਾਈਨ ਵਿਚ ਹਨ। ਕੀ ਰਾਹੁਲ ਗਾਂਧੀ ਸਦਨ ਵਿਚ ਦੇਸ਼ ਤੋਂ ਮਾਫੀ ਮੰਗਣਗੇ? ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਟਵੀਟ ਕਰ ਕੇ ਰੱਖਿਆ ਮੰਤਰੀ 'ਤੇ ਸੰਸਦ ਵਿਚ ਝੂਠ ਕਹਿਣ 'ਤੇ ਸਵਾਲ ਚੁੱਕੇ ਸਨ।

ਸੁਰਜੇਵਾਲਾ ਨੇ ਕਿਹਾ ਸੀ ਕਿ ਰੱਖਿਆ ਮੰਤਰੀ ਦੇ ਝੂਠ ਦਾ ਪਰਦਾਫ਼ਾਸ਼ ਹੋ ਗਿਆ ਹੈ। ਰੱਖਿਆ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਐਚਏਐਲ ਨੂੰ ਇਕ ਲੱਖ ਕਰੋੜ ਦੀ ਖਰੀਦ ਦੇ ਹੁਕਮ ਦਿਤੇ ਗਏ ਹਨ। ਉਥੇ ਹੀ ਐਚਏਐਲ ਦਾ ਕਹਿਣਾ ਹੈ ਕਿ ਉਸ ਨੂੰ ਇਕ ਵੀ ਪੈਸਾ ਨਹੀਂ ਮਿਲਿਆ ਹੈ। ਕਿਉਂਕਿ ਇਕ ਵੀ ਆਰਡਰ 'ਤੇ ਹਸਤਾਖ਼ਰ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਐਚਏਐਲ ਨੇ ਪਹਿਲੀ ਵਾਰ ਤਨਖਾਹਾਂ ਦੇਣ ਲਈ ਇਕ ਹਜ਼ਾਰ ਕਰੋੜ ਲੈਣ ਦਾ ਕਰਜ਼ ਲਿਆ ਹੈ। ਇਸ ਲਈ ਸਰਕਾਰ ਨੂੰ ਦਸਤਾਵੇਜ਼ ਦਿਖਾਉਣੇ ਚਾਹੀਦੇ ਹਨ।