ਪਰੀਕਰ 'ਤੇ ਹਮਲੇ ਦਾ ਖ਼ਤਰਾ, ਕਾਂਗਰਸ ਨੇ ਕੀਤੀ ਸੁੱਰਖਿਆ ਵਧਾਉਣ ਦੀ ਮੰਗ
ਮਨੋਹਰ ਪਰੀਕਰ ਨੇ ਗੋਆ ਸਰਕਾਰ ਵਿਚ ਮੰਤਰੀ ਵਿਸ਼ਵਜੀਤ ਰਾਣਾ ਨੂੰ ਕਿਹਾ ਕਿ ਸੌਦੇ ਨਾਲ ਜੁੜੀ ਜਾਣਕਾਰੀ ਮੇਰੇ ਬੈਡਰੂਮ ਵਿਚ ਹੈ।
ਗੋਆ : ਗੋਆ ਰਾਜ ਕਾਂਗਰਸ ਕਮੇਟੀ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਰਾਜ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਰਾਸ਼ਟਰਪਤੀ ਨੂੰ ਲਿਖੀ ਚਿੱਠੀ ਵਿਚ ਕਾਂਗਰਸ ਨੇ ਲਿਖਿਆ ਹੈ ਕਿ ਸਾਬਕਾ ਰੱਖਿਆ ਮੰਤਰੀ ਅਤੇ ਮੌਜੂਦਾ ਮੁੱਖ ਮੰਤਰੀ ਦੇ ਕੋਲ ਰਾਫੇਲ ਸੌਦੇ ਨਾਲ ਜੁੜੀਆਂ ਕੁਝ ਫਾਈਲਾਂ ਹਨ। ਇਹਨਾਂ ਦੇ ਚਲਦਿਆਂ ਕੁਝ ਲੋਕ ਉਹਨਾਂ ਫਾਈਲਾਂ ਨੂੰ ਹਾਸਲ ਕਰਨ
ਅਤੇ ਉਹਨਾਂ ਨੂੰ ਜਨਤਕ ਹੋਣ ਤੋਂ ਰੋਕਣ ਲਈ ਪਰੀਕਰ 'ਤੇ ਜਾਨਲੇਵਾ ਹਮਲਾ ਕਰ ਸਕਦੇ ਹਨ। ਕਾਂਗਰਸ ਪਾਰਟੀ ਮੁਤਾਬਕ ਇਹ ਹਮਲਾ ਉਹ ਲੋਕ ਕਰ ਸਕਦੇ ਹਨ ਜੋ ਇਸ ਮਾਮਲੇ ਨਾਲ ਜੁੜੀਆਂ ਫਾਈਲਾਂ ਨੂੰ ਜਨਤਕ ਹੋਣ ਤੋਂ ਰੋਕਣਾ ਚਾਹੁੰਦੇ ਹਨ। ਪਾਰਟੀ ਮੁਤਾਬਕ ਰਾਫੇਲ ਮਾਮਲੇ ਨਾਲ ਸਬੰਧਤ ਫਾਈਲਾਂ ਜੇਕਰ ਜਨਤਾ ਦੇ ਸਾਹਮਣੇ ਆ ਗਈਆਂ ਤਾਂ ਇਸ ਨਾਲ ਇਸ ਮਾਮਲੇ ਵਿਚ ਹੋਏ ਭ੍ਰਿਸ਼ਟਾਚਾਰ ਦਾ ਖੁਲਾਸਾ ਹੋ ਜਾਵੇਗਾ। ਇਸੇ ਕਾਰਨ ਕਾਂਗਰਸ ਨੇ ਮਨੋਹਰ ਪਰੀਕਰ 'ਤੇ ਜਾਨਲੇਵਾ ਹਮਲਾ ਹੋਣ ਦਾ ਖ਼ਤਰਾ ਪ੍ਰਗਟ ਕੀਤਾ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਲੜਾਕੂ ਜਹਾਜ਼ ਰਾਫੇਲ ਦੇ ਸੌਦੇ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਰਹੀ ਹੈ। ਇਸ ਨੂੰ ਲੈ ਕੇ ਉਹ ਲਗਾਤਾਰ ਕੇਂਦਰ ਸਰਕਾਰ 'ਤੇ ਹਮਲੇ ਵੀ ਕਰ ਰਹੀ ਹੈ। ਰਾਫੇਲ ਡੀਲ ਨਾਲ ਜੁੜੀ ਇਕ ਆਡਿਓ ਕਲਿਪ ਜਾਰੀ ਕਰਨ ਤੋਂ ਬਾਅਦ ਮਨੋਹਰ ਪਰੀਕਰ 'ਤੇ ਦੋਸ਼ ਲਗਾਏ ਸਨ। ਉਸ ਆਡਿਓ ਕਲਿਪ ਦੇ ਆਧਾਰ 'ਤੇ ਕਾਂਗਰਸ ਨੇ ਦਾਅਵਾ ਕੀਤਾ ਕਿ ਮਨੋਹਰ ਪਰੀਕਰ ਨੇ ਗੋਆ ਸਰਕਾਰ ਵਿਚ ਮੰਤਰੀ ਵਿਸ਼ਵਜੀਤ ਰਾਣਾ ਨੂੰ ਕਿਹਾ ਕਿ ਸੌਦੇ ਨਾਲ ਜੁੜੀ ਜਾਣਕਾਰੀ ਮੇਰੇ ਬੈਡਰੂਮ ਵਿਚ ਹੈ। ਹਾਲਾਂਕਿ ਇਸ ਆਡਿਓ ਕਲਿਪ ਨੂੰ ਪਰੀਕਰ ਅਤੇ ਵਿਸ਼ਵਜੀਤ ਰਾਣਾ ਦੋਹਾਂ ਨੇ ਖਾਰਜ ਕਰ ਦਿਤਾ ਸੀ।