ਕੇਰਲ ਪੁਲਿਸ ਦਾ ਦਾਅਵਾ, ਤਿੰਨ ਮਲੇਸ਼ੀਆਈ ਸਮੇਤ ਕੁੱਲ 10 ਔਰਤਾਂ ਹੁਣ ਤੱਕ ਪਹੁੰਚੀਆਂ ਸਬਰੀਮਾਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਇਹਨਾਂ ਔਰਤਾਂ ਸਬੰਧੀ ਹੋਰ ਜਾਣਕਾਰੀ ਵੀ ਇਕੱਠੀ ਕਰ ਲਈ ਹੈ, ਤਾਂ ਕਿ ਕੋਰਟ ਵਿਚ ਇਹਨਾਂ ਬਾਬਤ ਪੁਛੇ ਜਾਣ 'ਤੇ ਇਹਨਾਂ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾ ਸਕੇ।

Sabarimala Temple

ਤਿਰੁਵਨੰਤਰਪੁਰਮ : ਕੇਰਲ ਪੁਲਿਸ ਵਿਸ਼ੇਸ਼ ਬ੍ਰਾਂਚ ਦੀ ਵੀਡੀਓ ਵਿਚ ਤਮਿਲ ਮੂਲ ਦੀਆਂ ਤਿੰਨ ਮਲੇਸ਼ੀਆਈ ਔਰਤਾਂ ਨੂੰ 1 ਜਨਵਰੀ ਨੂੰ ਸਬਰੀਮਾਲਾ ਵਿਚ ਦੇਖਿਆ ਗਿਆ। ਇਹ ਔਰਤਾਂ ਬਿੰਦੂ ਅਤੇ ਕਨਕਦੁਰਗਾ ਵੱਲੋਂ ਭਗਵਾਨ ਅਇਯੱਪਾ ਦੇ ਦਰਸ਼ਨ ਕਰਨ ਤੋਂ ਪਹਿਲਾਂ ਮੰਦਰ ਪੁੱਜੀਆਂ ਸਨ। ਹਾਲਾਂਕਿ ਬਿੰਦੂ ਅਤੇ ਕਨਕਦੁਰਗਾ ਨੇ ਦਾਅਵਾ ਕੀਤਾ ਸੀ ਕਿ ਉਹ 50 ਸਾਲ ਤੋਂ ਘੱਟ ਉਮਰ ਵਾਲੀਆਂ ਅਜਿਹੀਆਂ ਪਹਿਲੀਆਂ ਔਰਤਾਂ ਹਨ ਜਿਹਨਾਂ ਨੇ ਅਇਯੱਪਾ ਦੇ ਦਰਸ਼ਨ ਕੀਤੇ।

ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਕਿ 1 ਜਨਵਰੀ ਤੋਂ ਹੁਣ ਤੱਕ ਮੰਦਰ ਵਿਖੇ 50 ਸਾਲ ਤੋਂ ਘੱਟ ਉਮਰ ਵਾਲੀਆਂ ਚਾਰ ਔਰਤਾਂ ਦੇ ਜਾਣ ਦੀ ਸੂਚਨਾ ਹੈ, ਪਰ ਇਸ ਜਾਣਕਾਰੀ ਦੀ ਪੁਸ਼ਟੀ ਨਹੀਂ ਹੋਈ ਹੈ। ਅਜਿਹਾ ਪਤਾ ਲਗਾ ਹੈ ਕਿ ਔਰਤਾਂ ਦੀ ਕੁਲ ਗਿਣਤੀ 10 ਤੱਕ ਪਹੁੰਚ ਚੁੱਕੀ ਹੈ। ਪੁਲਿਸ ਨੇ ਇਹਨਾਂ ਔਰਤਾਂ ਸਬੰਧੀ ਹੋਰ ਜਾਣਕਾਰੀ ਵੀ ਇਕੱਠੀ ਕਰ ਲਈ ਹੈ। ਜਿਸ ਨਾਲ ਕੋਰਟ ਵਿਚ ਕਦੇ ਇਹਨਾਂ ਬਾਬਤ ਪੁਛੇ ਜਾਣ 'ਤੇ ਇਹਨਾਂ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾ ਸਕੇ। ਪੁਲਿਸ ਸੂਤਰ ਔਰਤਾਂ ਦੇ ਮੰਦਰ ਦੇ ਅੰਦਰ ਜਾਣ ਦੀ ਗੱਲ ਨੂੰ ਤਾਂ ਕਬੂਲ ਕਰ ਰਹੇ ਹਨ ਪਰ ਉਹ ਦਰਸ਼ਨ ਕਰਨ ਦੀ ਪੁਸ਼ਟੀ ਨਹੀਂ ਕਰ ਰਹੇ ਹਨ।

ਸੀਨੀਅਰ ਸੂਤਰਾਂ ਮੁਤਾਬਕ ਤਮਿਲ ਮੂਲ ਦੀਆਂ ਤਿੰਨ ਮਲੇਸ਼ੀਆਈ ਔਰਤਾਂ ਨੇ 1 ਜਨਵਰੀ ਨੂੰ ਸਬਰੀਮਾਲਾ ਦਾ ਦੌਰਾ ਕੀਤਾ ਸੀ। ਹਾਲਾਂਕਿ ਜਿਹੜੇ ਵੀਡੀਓ ਉਪਲਬਧ ਹਨ ਉਹ ਪੰਬਾ ਦੇ ਹਨ। ਉਸ ਵੇਲ੍ਹੇ ਉਹ ਮੰਦਰ ਤੋਂ ਵਾਪਸ ਆ ਰਹੀਆਂ ਸਨ। 14 ਸੈਕੰਡ ਦੇ ਇਸ ਵੀਡੀਓ ਨੂੰ ਮੋਬਾਇਲ ਫੋਨ ਦੇ ਕੈਮਰੇ ਤੋਂ ਰਿਕਾਰਡ ਕੀਤਾ ਗਿਆ ਹੈ। ਜਿਸ ਵਿਚ ਤਿੰਨ ਔਰਤਾਂ ਨਜ਼ਰ ਆ ਰਹੀਆਂ ਹਨ। ਇਹਨਾਂ ਔਰਤਾਂ ਨੇ ਅਪਣਾ ਮੂੰਹ ਸ਼ਾਲ ਨਾਲ ਢੱਕਿਆ ਹੋਇਆ ਹੈ।

ਪੂਲਿਸ ਸੂਤਰਾਂ ਦਾ ਕਹਿਣਾ ਹੈ ਕਿ 1 ਜਨਵਰੀ ਨੂੰ ਮਲੇਸ਼ੀਆਈ ਗਰੁੱਪ ਸਵੇਰੇ ਜਲਦੀ ਮੰਦਰ ਪਹੁੰਚਿਆ ਅਤੇ ਪੰਬਾ ਤੋਂ ਲਗਭਗ 10 ਵਜੇ ਵਾਪਸ ਆ ਗਿਆ। ਅਗਲੀ ਸਵੇਰ 2 ਜਨਵਰੀ ਨੂੰ ਬਿੰਦੂ ਅਤੇ ਕਨਕਦੁਰਗਾ ਮੰਦਰ ਪਹੁੰਚੀਆਂ। ਮੰਦਰ ਦੇ ਮੈਦਾਨ ਵਿਚ ਦਾਖਲ ਹੋਣ ਵੇਲ੍ਹੇ ਦਾ ਉਹਨਾਂ ਦਾ ਵੀਡੀਓ ਵੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਲੇਸ਼ੀਆਈ ਔਰਤਾਂ ਨੂੰ ਕਿਤੇ ਰੋਕਿਆ ਨਹੀਂ ਗਿਆ।