ਸਿਆਸਤ ਬਾਰੇ ਸੁਰਜੀਤ ਪਾਤਰ ਦੀਆਂ ਬੇਬਾਕ ਟਿੱਪਣੀਆਂ, ਬਿਆਨ ਕੀਤੀ ਕੌੜੀ ਸੱਚਾਈ!

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਅੰਗ ਜ਼ਰੀਏ ਸਿਆਸਤ ਦੀਆਂ ਕਮੀਆਂ ਨੂੰ ਕੀਤਾ ਉਜਾਗਰ

file photo

ਜਲੰਧਰ : ਅਜੋਕੀ ਸਿਆਸਤ ਗਿਰਾਵਟ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ। ਅਜੋਕੀ ਸਿਆਸਤ ਦੀ ਕਹਿਣੀ ਤੇ ਕਥਨੀ ਵਿਚਾਲੇ ਪੈ ਰਹੇ ਡੂੰਘੇ ਪਾੜੇ ਨੂੰ ਵੇਖ ਜਿੱਥੇ ਜਨਤਾ ਦਾ ਸਿਆਸਤ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ ਉਥੇ ਲੋਕਾਈ ਦੇ ਦੁੱਖਾਂ ਦੀ ਥਾਹ ਰੱਖਣ ਵਾਲੇ ਬੁੱਧੀਜੀਵੀ ਡਾਢੇ ਪ੍ਰੇਸ਼ਾਨ ਹਨ।

ਪੰਜਾਬ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਨੇ ਮੌਜੂਦਾ ਸਿਆਸਤ 'ਤੇ ਵਿਅੰਗ ਕਸਦਿਆਂ ਅਜੋਕੀ ਸਿਆਸਤ 'ਤੇ ਬੇਬਾਕ ਟਿੱਪਣੀਆਂ ਕੀਤੀਆਂ ਹਨ। ਅਪਣੀ ਕਲਮ ਰਾਹੀਂ ਸਮੇਂ ਦੀਆਂ ਸਰਕਾਰਾਂ ਅਤੇ ਪੰਜਾਬ ਦੇ ਹਲਾਤਾਂ 'ਤੇ ਸਮੇਂ ਸਮੇਂ ਝਾਤ ਪੁਆਉਣ ਵਾਲੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਦੀ ਮੌਜੂਦਾ ਸਿਆਸੀ ਹਾਲਾਤ 'ਤੇ ਵਿਅੰਗ ਦੇ ਰੂਪ ਵਿਚ ਇਹ ਪਹਿਲੀ ਟਿੱਪਣੀ ਕਹੀ ਜਾ ਸਕਦੀ ਹੈ।

ਸੁਰਜੀਤ ਪਾਤਰ ਕਹਿੰਦੇ ਹਨ ਕਿ ਸਿਆਸੀ ਆਗੂਆਂ ਲਈ ਸਿਆਸਤ ਸਿਰਫ਼ ਇਕ ਧੰਦਾ ਹੈ।  ਦੇਸ਼ ਦੇ ਮੌਜੂਦਾ ਸਿਆਸੀ ਆਗੂ ਸਿਵਿਆਂ 'ਤੇ ਰੋਟੀਆਂ ਸੇਕ ਰਹੇ ਹਨ। ਹੁਣ ਆਲਮ ਇਹ ਹੈ ਕਿ ਲੋਕਾਂ ਤੋਂ ਕਹਿਣ ਦਾ ਹੱਕ ਵੀ ਖੋਹਿਆ ਜਾ ਰਿਹਾ ਹੈ।

ਬਾਬਾ ਬੁੱਲ੍ਹੇ ਸ਼ਾਹ ਦੀ ਨਜ਼ਮ ਸਾਂਝੀ ਕਰਦਿਆਂ ਉਹ ਕਹਿੰਦੇ ਹਨ, ''ਸੱਚ ਆਖਾਂ ਤਾਂ ਭਾਂਬੜ ਮੱਚਦਾ ਏ, ਝੂਠ ਆਖਾਂ ਤਾਂ ਕੁਝ ਬਚਦਾ ਏ, ਜੀਅ ਦੋਹਾਂ ਗੱਲਾਂ ਤੋਂ ਜੱਕਦਾ ਏ, ਜੱਕ-ਜੱਕ ਕੇ ਜੀਬਾਂ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ।''

ਇਕ ਵੈੱਬ ਪੋਰਟਲ ਚੈਨਲ ਨੂੰ ਦਿਤੇ ਇੰਟਰਵਿਊ 'ਚ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਸੱਚ ਨੂੰ ਬਿਆਨ ਕਰਨਾ ਬਹੁਤ ਔਖਾ ਹੈ। ਸਿਆਸਤ 'ਤੇ ਡੂੰਘਾ ਵਿਅੰਗ ਕਰਦਿਆਂ ਉਹ ਕਹਿੰਦੇ ਹਨ, 'ਡੂੰਘੇ ਵਹਿਣਾ ਦਾ ਕੀ ਮਿਣਨਾ, ਤਖਤ ਦੇ ਪਾਵੇ ਮਿਣੀਏ, ਜਦ ਤਕ ਲਾਸ਼ਾਂ ਗਿਣਤੇ ਨੇ, ਆਪਾਂ ਵੋਟਾ ਗਿਣੀਏ। ਚੋਣ ਨਿਸ਼ਾਨ ਸਿਵਾ ਹੈ ਸਾਡਾ, ਇਸ ਨੂੰ ਬੁਝਣ ਨਾ ਦਈਏ, ਚੁੱਲਹਿਆਂ ਵਿਚੋਂ ਕੱਢ ਕੱਢ ਲੱਕੜਾਂ, ਇਸ ਦੀ ਅੱਗ ਵਿਚ ਚਿਣੀਏ।'' ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਹੁਣ ਪੱਤਰਕਾਰਾਂ ਅਤੇ ਸ਼ਾਇਰਾਂ ਲਈ ਬੋਲਣਾ ਵੀ ਮੁਸ਼ਕਲ ਹੋ ਗਿਆ ਹੈ।

ਸੁਰਜੀਤ ਪਾਤਰ ਅਨੁਸਾਰ ਸਿਆਸਤ ਦੋ ਤਰ੍ਹਾਂ ਦੀ, ਖੋਟੀ ਤੇ ਚੰਗੀ ਹੁੰਦੀ ਹੈ। ਪਰ ਅਜੋਕੇ ਸਮੇਂ ਸਾਡੇ ਦੇਸ਼ ਅੰਦਰ ਸਿਰਫ਼ ਖੋਟੀ ਸਾਅਸਤ ਦਾ ਹੀ ਬੋਲਬਾਲਾ ਹੈ। ਜਿਊਂਦੇ ਮਸਲਿਆਂ ਨੂੰ ਟਾਲਣ ਲਈ ਮੁਰਦੇ ਮਸਲਿਆਂ ਨੂੰ ਉਛਾਲਣਾ ਖੋਟੀ ਸਿਆਸਤ ਦੀ ਮੁੱਖ ਨਿਸ਼ਾਨੀ ਹੈ। ਅਜੋਕੇ ਸਮੇਂ ਧਰਮ ਦੇ ਮੁੱਦਿਆਂ ਨੂੰ ਉਛਾਲਣ ਪਿਛੇ ਵੀ ਵੋਟਾਂ ਦੀ ਰਾਜਨੀਤੀ ਕੰਮ ਕਰ ਰਹੀ ਹੈ। ਹਰ ਆਗੂ ਵੋਟਾਂ ਵਧਾਉਣ ਦੀ ਸਿਆਸਤ 'ਚ ਰੁਝਿਆ ਹੋਇਆ ਹੈ।

ਨਨਕਾਣਾ ਸਾਹਿਬ  'ਚ ਵਾਪਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਉਨ੍ਹਾਂ ਇਸ ਪਿੱਛੇ ਵੀ ਕਿਸੇ ਵੱਡੀ ਸਾਜ਼ਿਸ਼ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਹੈ। ਕਾਬਲੇਗੌਰ ਹੈ ਕਿ ਸਿਆਸਤ ਅੰਦਰ ਆ ਰਹੀ ਗਿਰਾਵਟ ਕਾਰਨ ਲੋਕਾਂ ਦਾ ਸਿਆਸੀ ਆਗੂਆਂ ਵਿਸ਼ਵਾਸ ਉਠਦਾ ਜਾ ਰਿਹਾ ਹੈ। ਸਿਆਸੀ ਆਗੂ ਵੋਟਾਂ ਵੇਲੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰ ਲੈਂਦੇ ਹਨ ਪਰ ਚੋਣ ਨਤੀਜੇ ਆਉਂਦਿਆਂ ਹੀ ਇਸ ਨੂੰ ਵਿਸਾਰ ਦਿੰਦੇ ਹਨ। ਸਿਆਸੀ ਆਗੂਆਂ ਅਤੇ ਜਨਤਾ ਵਿਚਾਲੇ ਵਧਦਾ ਫਾਸਲਾ ਲੋਕਤੰਤਰ ਲਈ ਸ਼ੁਭ ਸੰਕੇਤ ਨਹੀਂ।