ਜੀਐਨਯੂ ਹਮਲੇ 'ਚ ਪੁਲਿਸ ਹੱਥ ਲੱਗੇ ਸੁਰਾਖ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਮਾਮਲਾ ਛੱਤੀ ਹੱਲ ਕਰ ਲੈਣ ਦਾ ਕੀਤਾ ਦਾਅਵਾ

file photo

ਨਵੀਂ ਦਿੱਲੀ : ਜੇਐਨਯੂ ਵਿਖੇ ਐਤਵਾਰ ਨੂੰ ਹੋਈ ਹਿੰਸਾ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਨੂੰ ਇਸ ਮਾਮਲੇ ਵਿਚ ਕੁੱਝ ਅਹਿਮ ਸੁਰਾਖ ਮਿਲ ਗਏ ਹਨ। ਇਸ ਕੇਸ ਦੀ ਜਾਂਚ ਕ੍ਰਾਈਮ ਬ੍ਰਾਂਚ ਵਲੋਂ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਦੇ ਪੀਆਰਓ ਐਮਐਸ ਰੰਧਾਵਾ ਨੇ ਕਿਹਾ ਕਿ ਜੁਆਇੰਟ ਸੀਪੀ ਸ਼ਾਲਿਨੀ ਸਿੰਘ ਦੀ ਅਗਵਾਈ ਹੇਠ ਇਕ ਕਮੇਟੀ ਬਣਾਈ ਗਈ ਹੈ।

ਕਮੇਟੀ ਵਲੋਂ ਹਮਲੇ ਦੇ ਤੱਥਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲੇ ਦੇ ਅਸਲ ਦੋਸ਼ੀਆਂ ਤਕ ਪਹੁੰਚਿਆ ਜਾ ਸਕੇ। ਪੁਲਿਸ ਨੇ ਇਸ ਮਾਮਲੇ ਨੂੰ ਛੇਤੀ ਹੱਲ ਕਰ ਲੈਣ ਦਾ ਦਾਅਵਾ ਕੀਤਾ ਹੈ।

ਦਿੱਲੀ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਇਸ ਮਾਮਲੇ ਵਿਚ ਐਫਆਈਆਰ ਦਰਜ ਕਰ ਲਈ ਗਈ ਹੈ। ਸਾਰੇ ਸੀਸੀਟੀਵੀ ਫੁਟੇਜ ਇਕੱਠੇ ਕੀਤੇ ਜਾ ਰਹੇ ਹਨ। ਇਨ੍ਹਾਂ ਫੁਟੇਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ 'ਚ ਜ਼ਖ਼ਮੀ ਹੋਏ 34 ਵਿਅਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ।

ਉਨ੍ਹਾਂ ਕਿਹਾ ਕਿਹਾ ਕਿ ਆਮ ਤੌਰ ਤੇ ਪੁਲਿਸ ਦੀ ਤਾਇਨਾਤੀ ਸਿਰਫ਼ ਪ੍ਰਸ਼ਾਸਨ ਦੇ ਬਲਾਕ 'ਚ ਹੁੰਦੀ ਹੈ ਜਦਕਿ ਹਿੰਸਾ ਉਥੋਂ ਕੁਝ ਦੂਰੀ 'ਤੇ ਹੋਈ। ਜੇਐਨਯੂ ਪ੍ਰਸ਼ਾਸਨ ਨੇ ਇਹ ਬੇਨਤੀ ਸ਼ਾਮ ਲਗਭਗ 7: 45 ਵਜੇ ਕੀਤੀ ਸੀ ਜਿਸ ਤੋਂ ਬਾਅਦ ਅਸੀਂ ਫਲੈਗ ਮਾਰਚ ਕੀਤਾ।

ਇਸੇ ਦੌਰਾਨ ਯੂਨੀਵਰਸਿਟੀ ਕੈਂਪਸ 'ਚ ਹੋਏ ਹਮਲੇ ਤੋਂ ਇਕ ਦਿਨ ਬਾਅਦ ਯੂਨੀਵਰਸਿਟੀ ਦੇ ਗੇਟਾਂ ਦੇ ਬਾਹਰ 700 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਪੁਲਿਸ ਅਨੁਸਾਰ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਸਖ਼ਤ ਪੁਲਿਸ ਪ੍ਰਬੰਧ ਕੀਤੇ ਗਏ ਹਨ।

ਕਾਬਲੇਗੌਰ ਹੈ ਕਿ ਐਤਵਾਰ ਨੂੰ ਕੁੱਝ ਨਕਾਬਪੋਸ ਵਿਅਕਤੀਆਂ ਨੇ ਲਾਠੀਆਂ ਤੇ ਹਥਿਆਰਾਂ ਨਾਲ ਲੈਂਸ ਹੋ ਕੇ ਯੂਨੀਵਰਸਿਟੀ ਕੈਂਪਸ ਵਿਚ ਹਮਲਾ ਕਰ ਦਿਤਾ ਸੀ। ਇਸ ਹਮਲੇ 'ਚ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਕੁੱਟਮਾਰ ਤੋਂ ਇਲਾਵਾ ਕੈਂਪਸ ਨੂੰ ਵੱਡਾ ਨੁਕਸਾਨ ਪਹੁੰਚਿਆ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਮੌਕੇ 'ਤੇ ਪੁਲਿਸ ਬੁਲਾਈ ਸੀ। ਪੁਲਿਸ ਨੇ ਸਥਿਤੀ ਨੂੰ ਕੰਟਰੋਲ ਹੇਠ ਕਰਨ ਹਿਤ ਫਲੈਗ ਮਾਰਚ ਵੀ ਕੱਢਿਆ ਸੀ।