ਕਿਸਾਨੀ ਅੰਦੋਲਨ ਨੂੰ ਗ਼ਾਇਬ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਹੱਥਕੰਢੇ ਅਪਣਾ ਰਹੀ ਹੈ ਸਰਕਾਰ: ਕਾਂਗਰਸ
ਕਿਸਾਨਾਂ ਦੇ ਅੰਦੋਲਨ ਦੇ100 ਦਿਨਾਂ ਦੌਰਾਨ 250 ਤੋਂ ਵੱਧ ਲੋਕਾਂ ਦੀ ਹੋਈ ਮੌਤ
ਨਵੀਂ ਦਿੱਲੀ : ਕਾਂਗਰਸ ਨੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਅੰਦੋਲਨ ਦੇ 100 ਦਿਨ ਪੂਰੇ ਹੋਣ ਦੇ ਪਿਛੋਕੜ ਵਿਚ ਸਨਿਚਰਵਾਰ ਨੂੰ ਸਰਕਾਰ ’ਤੇ ਅੰਨਦਾਤਾ ਦੇ ਨਾਲ ‘ਤਸ਼ੱਦਦ ਕਰਨ’ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਸਰਕਾਰ ਇਸ ਅੰਦੋਲਨ ਨੂੰ ਜਨਤਕ ਵਿਚਾਰ ਵਟਾਂਦਰੇ ਤੋਂ ਗ਼ਾਇਬ ਕਰਨ ਲਈ ਵੱਖ-ਵੱਖ ਹੱਥਕੰਢੇ ਅਤੇ ਸਾਜ਼ਸ਼ਾਂ ਦਾ ਸਹਾਰਾ ਲੈ ਰਹੀ ਹੈ।
ਮੁੱਖ ਵਿਰੋਧੀ ਧਿਰ ਨੇ ਦੇਸ਼ ਦੇ ਮੱਧ ਵਰਗ ਸਣੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਵੀ ਕਿਸਾਨਾਂ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਅਤੇ ਇਹ ਮੰਗ ਚੁਕੀ ਕਿ ਤਿੰਨੋਂ ਕਾਨੂੰਨਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਕੇ ਨਵੇਂ ਕਾਨੂੰਨਾਂ ਦੀ ਪਹਿਲ ਕੀਤੀ ਜਾਣੀ ਚਾਹੀਦੀ ਹੈ।
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਦੇਸ਼ ਦੀ ਸਰਹੱਦ ’ਤੇ ਜਾਨ ਵਾਰਦੇ ਹਨ ਜਿਨ੍ਹਾਂ ਦੇ ਬੇਟੇ, ਉਨ੍ਹਾਂ ਲਈ ਕਿੱਲਾਂ ਵਿਛਾਈਆਂ ਹਨ ਦਿੱਲੀ ਦੀ ਸਰਹੱਦ ’ਤੇ।” ਅੰਨਾਦਾਤਾ ਮੰਗੇ ਅਧਿਕਾਰ, ਸਰਕਾਰ ਕਰੇ ਅਤਿਆਚਾਰ!” ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ 100 ਦਿਨ ਹੋ ਗਏ ਹਨ। ਇਨ੍ਹਾਂ 100 ਦਿਨਾਂ ਵਿਚ 250 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।
ਇਸ ਸਮੇਂ ਦੌਰਾਨ ਕਿਸਾਨਾਂ ਦੀ ਬੇਇੱਜ਼ਤੀ ਕੀਤੀ ਗਈ, ਪਰ ਵੱਡੀ ਗਿਣਤੀ ਵਿਚ ਕਿਸਾਨ ਅਜੇ ਵੀ ਬੈਠੇ ਹਨ। ਉਹ ਸਰਕਾਰ ਦੇ ਉਸ ਫ਼ੋਨ ਕਾਲ ਦੀ ਉਡੀਕ ਕਰ ਰਹੇ ਹਨ ਜਿਸ ਦਾ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਅੰਦੋਲਨ ਦਿਨੋ ਦਿਨ ਵੱਧ ਰਿਹਾ ਹੈ , ਪਰ ਇਹ ਖ਼ਬਰਾਂ ਤੋਂ ਗ਼ਾਇਬ ਹੈ। ਵਿਚਾਰਾਂ ਦੇ ਇਸ ਅੰਦੋਲਨ ਨੂੰ ਗ਼ਾਇਬ ਕਰਨ ਲਈ ਸਰਕਾਰ ਕਈ ਹੱਥਕੰਢੇ ਅਪਣਾ ਰਹੀ ਹੈ ਅਤੇ ਸਾਜ਼ਸ਼ਾਂ ਅਪਣਾ ਰਹੀ ਹੈ।