ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ’ਤੇ ਕਿਸਾਨਾਂ ਨੇ ਕੇ. ਐਮ. ਪੀ. ਹਾਈਵੇ ਕੀਤਾ ਜਾਮ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹੱਥਾਂ ਵਿਚ ਸਨ ਕਾਲੇ ਝੰਡੇ, ਭਾਜਪਾ ਸਰਕਾਰ ਵਿਰੁਧ ਕੀਤੀ ਨਾਹਰੇਬਾਜ਼ੀ

Kisan Andolan

ਚੰਡੀਗੜ੍ਹ : ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਦਿੱਲੀ ਦੀ ਸਰਹੱਦ ਉੱਤੇ ਅਪਣੇ ਅੰਦੋਲਨ ਦੇ 100 ਦਿਨ ਪੂਰੇ ਹੋਣ ਉੱਤੇ ਸਨਿਚਰਵਾਰ ਨੂੰ ਹਰਿਆਣਾ ਵਿਚ ਛੇ ਮਾਰਗੀ ਕੁੰਡਲੀ-ਮਨੇਸਰ-ਪਲਵਲ ਐਕਸਪ੍ਰੈਸ ਵੇਅ ’ਤੇ ਕੁੱਝ ਥਾਵਾਂ ’ਤੇ ਆਵਾਜਾਈ ਨੂੰ ਜਾਮ ਕਰ ਦਿਤਾ। ਕਿਸਾਨਾਂ ਦਾ ਪ੍ਰਦਰਸ਼ਨ ਸਵੇਰੇ 11 ਵਜੇ ਸ਼ੁਰੂ ਹੋਇਆ, ਜੋ ਸ਼ਾਮ 4 ਵਜੇ ਤਕ ਚਲਿਆ। ਸੰਯੁਕਤ ਕਿਸਾਨ ਮੋਰਚਾ ਨੇ ਐਕਸਪ੍ਰੈਸ ਵੇਅ ’ਤੇ ਆਵਾਜਾਈ ਨੂੰ ਜਾਮ ਕਰਨ ਦੀ ਅਪੀਲ ਕੀਤੀ ਸੀ। ਕੁੰਡਲੀ-ਮਨੇਸਰ-ਪਲਵਲ (ਕੇਐਮਪੀ) ਐਕਸਪ੍ਰੈਸ ਵੇਅ 136 ਕਿਲੋਮੀਟਰ ਲੰਮਾ ਹੈ।

ਮਨੇਸਰ-ਪਲਵਲ ਭਾਗ 53 ਕਿਲੋਮੀਟਰ ਲੰਮਾ ਹੈ ਅਤੇ ਇਸ ਦਾ ਉਦਘਾਟਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਾਲ 2016 ਵਿਚ ਕੀਤਾ ਸੀ, ਉਥੇ 83 ਕਿਲੋਮੀਟਰ ਲੰਮੇ ਕੁੰਡਲੀ-ਮਾਨੇਸਰ ਭਾਗ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2018 ਵਿਚ ਕੀਤਾ ਸੀ। ਭਾਰਤੀ ਕਿਸਾਨ ਯੂਨੀਅਨ (ਦਾਕੁੰਡਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਅਸੀਂ ਕੇ ਐਮ ਪੀ ਐਕਸਪ੍ਰੈਸ ਵੇਅ ਤੇ ਆਵਾਜਾਈ ਨੂੰ ਰੋਕ ਦੇਵਾਂਗੇ ਪਰ ਐਮਰਜੈਂਸੀ ਸੇਵਾਵਾਂ ਵਿਚ ਲੱਗੇ ਵਾਹਨਾਂ ਨੂੰ ਜਾਣ ਦਿਤਾ ਜਾਵੇਗਾ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਕਿਸਾਨਾਂ ਨੇ ਅਪਣੇ ਟਰੈਕਟਰਾਂ ਨੂੰ ਕੇਐਮਪੀ ਐਕਸਪ੍ਰੈਸ ਵੇਅ ’ਤੇ ਇਕ ਥਾਂ ’ਤੇ ਖੜਾ ਕਰ ਜਾਮ ਲਾਇਆ।

ਪ੍ਰਦਰਸ਼ਨਕਾਰੀਆਂ ਵਿਚ ਔਰਤਾਂ ਵੀ ਸ਼ਾਮਲ ਸਨ ਅਤੇ ਉਨ੍ਹਾਂ ਦੇ ਹੱਥਾਂ ਵਿਚ ਯੂਨੀਅਨ ਦੇ ਅਤੇ ਰੋਸ ਪ੍ਰਗਟ ਕਰਨ ਲਈ ਕਾਲੇ ਝੰਡੇ ਵੀ ਸਨ। ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਲਈ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ।  ਸੋਨੀਪਤ ਵਿਚ ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਸਾਡਾ ਅੰਦੋਲਨ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਾਪਸ ਲੈਣ ਤਕ ਜਾਰੀ ਰਹੇਗਾ। ਅਸੀਂ ਪਿੱਛੇ ਨਹੀਂ ਹਟਾਂਗੇ। ਪਲਵਲ ਜ਼ਿਲ੍ਹੇ ਵਿਚ ਵੀ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ।

 ਕੇਐਮਪੀ ਐਕਸਪ੍ਰੈਸ ਵੇਅ ਦਿੱਲੀ ਦੀ ਹਮੇਸ਼ਾ ਮਸ਼ਰੂਫ਼ ਰਹਿਣ ਵਾਲੀਆਂ ਸੜਕਾਂ ’ਤੇ ਭੀੜ ਨੂੰ ਘੱਟ ਕਰਨ ਲਈ ਤਿਆਰ ਕੀਤਾ ਗਿਆ ਸੀ, ਖ਼ਾਸਕਰ ਰਾਸ਼ਟਰੀ ਰਾਜਧਾਨੀ ਵਿਚ ਆਉਣ ਵਾਲੇ ਟਰੱਕਾਂ ਦੀ ਗਿਣਤੀ ਨੂੰ ਘਟਾਉਣ ਲਈ। ਜ਼ਿਕਰਯੋਗ ਹੈ ਕਿ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਹਜ਼ਾਰਾਂ ਕਿਸਾਨ ਪਿਛਲੇ ਸਾਲ ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਕਾਨੂੰਨ ਵਾਪਸ ਲੈਣ ਦੀ ਮੰਗ ’ਤੇ ਅੜੇ ਹੋਏ ਹਨ।