ਕਿਸਾਨੀ ਅੰਦੋਲਨ ਨੂੰ ਸਿਖਰ ਤਕ ਪਹੁੰਚਾਉਣ 'ਚ ਔਰਤਾਂ ਦਾ ਯੋਗਦਾਨ, ਨਿਭਾਅ ਰਹੀਆਂ ਹਨ ਅਹਿਮ ਜ਼ਿੰਮੇਵਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 8 ਮਾਰਚ ਨੂੰ ਵਿਸ਼ਵ ਔਰਤ ਦਿਵਸ ਦਿੱਲੀ ਦੇ ਬਾਰਡਰਾਂ ’ਤੇ ਬੀਬੀਆਂ ਦੀ ਵੱਡੀ ਇਕੱਤਰਤਾ ਕਰ ਕੇ ਮਨਾਉਣ ਦਾ ਐਲਾਨ 

Role of Women

ਚੰਡੀਗੜ੍ਹ : ਕਿਸੇ ਸਮੇਂ ਔਰਤਾਂ ਨੂੰ ਘਰ ਦੀ ਚਾਰਦੀਵਾਰੀ ਅੰਦਰ ਰਹਿਣ ਲਈ ਮਜ਼ਬੂਰ ਕੀਤਾ ਜਾਂਦਾ ਸੀ ਪਰ ਸਮੇਂ ਦੇ ਬਦਲਣ ਨਾਲ ਅੱਜ ਔਰਤਾਂ ਹਰ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਰਹੀਆਂ ਹਨ। ਧਰਤੀ ਤੋਂ ਲੈ ਕੇ ਅਸਮਾਨ ਤਕ, ਹਰ ਥਾਂ ਔਰਤਾਂ ਦੀ ਮੌਜੂਦਗੀ ਨੇ ਪੁਰਾਣੀਆਂ ਮਿੱਥਾਂ ਨੂੰ ਪਿਛਲਪੈਰੀ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਕਲਪਨਾ ਚਾਵਲਾ ਨੇ ਪੁਲਾੜ ਦੀ ਵਿਸ਼ਾਲਤਾ ਦੀ ਥਾਹ ਪਾਉਣ ਲਈ ਲੰਮੀਆਂ ਉਡਾਰੀਆਂ ਮਾਰ ਕੇ ਜਿੱਥੇ ਦੇਸ਼ ਅਤੇ ਔਰਤ ਜਾਤੀ ਦਾ ਮਾਣ ਵਧਾਇਆ ਉਥੇ ਹੀ ਅਜੋਕੇ ਸਮੇਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਸਿਖਰ ਤਕ ਪਹੁੰਚਾਉਣ ਵਿਚ ਵੀ ਔਰਤਾਂ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ।

ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਧਰਨਿਆਂ ਵਿਚ ਸ਼ਮੂਲੀਅਤ ਤੋਂ ਇਲਾਵਾ ਧਰਨਾ-ਸਥਾਨਾਂ 'ਤੇ ਲੰਗਰ ਪਾਣੀ ਦੀ ਸੇਵਾ ਤੋਂ ਇਲਾਵਾ ਪਿੱਛੇ ਘਰ ਅਤੇ ਖੇਤਾਂ ਵਿਚਲੇ ਕੰਮਾਂ ਵਿਚ ਵੀ ਔਰਤਾਂ ਦੀ ਵੱਡੀ ਸ਼ਮੂਲੀਅਤ ਹੈ। ਦਿੱਲੀ ਵੱਲ ਜਾਂਦੀਆਂ ਟਕੈਰਟਰ ਟਰਾਲੀਆਂ ਦੀਆਂ ਵਹੀਰਾਂ ਵਿਚ ਕਈ ਟਰੈਕਟਰਾਂ ਦੇ ਸਟੇਰਿੰਗ ਔਰਤਾਂ ਵੱਲੋਂ ਸੰਭਾਲਣ ਦੇ ਦਿ੍ਸ਼ ਆਮ ਵੀ ਵੇਖੇ ਜਾ ਸਕਦੇ ਹਨ। ਔਰਤਾਂ ਦੇ ਇਸੇ ਜ਼ਜ਼ਬੇ ਨੂੰ ਵੇਖਦਿਆਂ ਵਿਸ਼ਵ ਪ੍ਰਸਿੱਧ ਰਸਾਲੇ ਟਾਈਮ ਮੈਗਜ਼ੀਨ ਨੇ ਕਵਰ ਪੇਜ 'ਤੇ ਕਿਸਾਨੀ ਅੰਦੋਲਨ ਵਿਚ ਸ਼ਾਮਲ ਬੀਬੀਆਂ ਨੂੰ ਜਗ੍ਹਾਂ ਦਿੱਤੀ ਹੈ। ਮੈਗਜ਼ੀਨ ਦੇ ਕਵਰ ਪੇਜ 'ਤੇ ਇਨ੍ਹਾਂ ਬੀਬੀਆਂ ਨੂੰ ਥਾਂ ਮਿਲਣਾ ਔਰਤ ਜਾਤ ਲਈ ਵੱਡੇ ਮਾਣ ਵਾਲੀ ਗੱਲ ਹੈ। 

ਕਿਸਾਨੀ ਅੰਦੋਲਨ ਨੂੰ ਅੱਜ 100 ਦਿਨ ਦਾ ਲੰਮਾ ਵਕਫਾ ਪੂਰਾ ਹੋ ਰਿਹਾ ਹੈ। ਸਰਕਾਰ ਦੇ ਵਤੀਰੇ ਤੋਂ ਸੰਘਰਸ਼ ਲੰਮਾ ਚੱਲਣ ਦੇ ਆਸਾਰ ਹਨ। ਲੰਮੇਰੇ ਪੰਧਾਂ ਦੇ ਔਖੇ ਰਸਤਿਆਂ ਨੂੰ ਸਫਲਤਾ ਪੂਰਵਕ ਪਾਰ ਕਰਨ ਲਈ ਔਰਤਾਂ ਨੇ ਕਮਰਕੱਸ ਲਈ ਹੈ। ਇਸ ਦੀ ਮਿਸਾਲ ਪੰਜਾਬ ਵਿਚੋਂ ਦਿੱਲੀ ਵੱਲ ਜਾ ਰਹੇ ਜਥਿਆਂ ਵਿਚ ਔਰਤਾਂ ਦੀ ਸ਼ਮੂਲੀਅਤ ਤੋਂ ਮਿਲ ਜਾਂਦੀ ਹੈ। ਮੋਰਚਾ ਲੰਮਾ ਚੱਲਅ ਨੂੰ ਵੇਖਦਿਆਂ ਬੀਬੀਆਂ ਨੇ ਹਾੜ੍ਹੀ ਦੀ ਫ਼ਸਲ ਲਈ ਤਿਆਰੀ ਖਿੱਚ ਲਈ ਹੈ, ਜਿਸ ਦੌਰਾਨ ਉਹ ਵੱਡੀ ਜ਼ਿੰਮੇਵਾਰੀ ਸੰਭਾਲਣਗੀਆਂ। 

ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਆਗੂ ਮਨਦੀਪ ਕੌਰ ਬਾਰਨ ਨੇ ਕਿਹਾ ਕਿ ਆਉਂਦੇ ਦਿਨਾਂ ’ਚ ਹਾੜ੍ਹੀ ਦੀ ਫ਼ਸਲ ਪੱਕਣ ਵਾਲੀ ਹੈ, ਜਿਸ ਕਾਰਣ ਬਹੁ-ਗਿਣਤੀ ਮਰਦ ਕਿਸਾਨ ਫ਼ਸਲਾਂ ਸਾਂਭਣ ’ਚ ਰੁੱਝੇ ਹੋ ਸਕਦੇ ਹਨ ਪਰ ਬੀਬੀਆਂ ਉਨ੍ਹਾਂ ਦਿਨਾਂ ’ਚ ਵੱਡੀ ਜ਼ਿੰਮੇਵਾਰੀ ਸਾਂਭਣਗੀਆਂ ਅਤੇ ਦਿੱਲੀ ਬਾਰਡਰਾਂ 'ਤੇ ਗਿਣਤੀ ਕਿਸੇ ਵੀ ਹਾਲਾਤ ’ਚ ਘੱਟ ਨਹੀਂ ਹੋਣ ਦੇਣਗੀਆਂ।

ਇਸ ਸਬੰਧੀ ਪਿੰਡ ਪੱਧਰ ’ਤੇ ਡਿਊਟੀਆਂ ਦਾ ਰੋਸਟਰ ਤਿਆਰ ਕੀਤਾ ਜਾ ਰਿਹਾ ਹੈ। ਆਗੂ ਹਰਮੀਤ ਕੌਰ ਅਤੇ ਸਰਬਜੀਤ ਕੌਰ ਲੰਗ ਵੱਲੋਂ ਵੀ ਬੀਬੀਆਂ ਨੂੰ ਦਿੱਲੀ ਜਾਣ ਲਈ ਉਤਸ਼ਾਹਿਤ ਕੀਤਾ ਗਿਆ।

ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ 8 ਮਾਰਚ ਨੂੰ ਵਿਸ਼ਵ ਔਰਤ ਦਿਵਸ ਦਿੱਲੀ ਦੇ ਬਾਰਡਰਾਂ ’ਤੇ ਬੀਬੀਆਂ ਦੀ ਵੱਡੀ ਇਕੱਤਰਤਾ ਕਰ ਕੇ ਮਨਾਉਣ ਦਾ ਸੁਨੇਹਾ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ ਬਲਾਕ ਪਟਿਆਲਾ-2 ਦੇ ਵੱਖ-ਵੱਖ ਪਿੰਡਾਂ ’ਚ ਬੀਬੀਆਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ।

ਇਹ ਮਾਰਚ ਪਿੰਡ ਬਾਰਨ ਤੋਂ ਆਰੰਭ ਹੋ ਕੇ ਪਿੰਡ ਮਾਜਰੀ ਅਕਾਲੀਆਂ, ਹਰਦਾਸਪੁਰ, ਫੱਗਣ ਮਾਜਰਾ, ਲੰਗ, ਨੰਦਪੁਰ ਕੇਸ਼ੋ, ਬਾਗੜੀਆਂ, ਮਾਲਾਹੇੜੀ, ਚਣੋਂ, ਖ਼ਲੀਫੇਵਾਲਾ ’ਚੋਂ ਨਿਕਲਿਆ। ਪਿੰਡ ’ਚ ਲਾਊਡ ਸਪੀਕਰ ਰਾਹੀਂ ਬੀਬੀਆਂ ਨੂੰ 'ਵਿਸ਼ਵ ਔਰਤ ਦਿਵਸ' ਮੌਕੇ ਦਿੱਲੀ ਬਾਰਡਰਾਂ ’ਤੇ ਭਰਵੀਂ ਸ਼ਮੂਲੀਅਤ ਕਰਨ ਲਈ ਸੁਨੇਹਾ ਦਿੱਤਾ ਗਿਆ। ਕਿਸਾਨ ਮਹਿਲਾ ਆਗੂ ਦਵਿੰਦਰ ਕੌਰ ਹਰਦਾਸਪੁਰ ਨੇ ਕਿਹਾ ਕਿ ਬੀਬੀਆਂ ਦੀ ਹਿੱਸੇਦਾਰੀ ਤੋਂ ਬਿਨਾਂ ਸੰਘਰਸ਼ ’ਚ ਜਿੱਤ ਪ੍ਰਾਪਤ ਕਰਨਾ ਸੌਖਾ ਨਹੀਂ। ਇਸ ਲਈ ਬੀਬੀਆਂ ਨੂੰ ਮਰਦਾਂ ਦੇ ਬਰਾਬਰ ਸੰਘਰਸ਼ ’ਚ ਯੋਗਦਾਨ ਪਾਉਣਾ ਹੋਵੇਗਾ।