5 ਰਾਜਾਂ ’ਚ ਜਾ ਕੇ BJP ਨੂੰ ਹਰਾਵਾਂਗੇ, ਦਿੱਲੀ ਹਾਈਵੇਅ ਜਾਮ ਕਰ ਬੋਲੇ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਤੋਂ ਬਾਅਦ ਅੱਜ ਕਿਸਾਨ ਬਲੈਕ ਡੇਅ ਮਨਾ ਰਹੇ ਹਨ...

Kissan

ਨਵੀਂ ਦਿੱਲੀ: ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਤੋਂ ਬਾਅਦ ਅੱਜ ਕਿਸਾਨ ਬਲੈਕ ਡੇਅ ਮਨਾ ਰਹੇ ਹਨ। ਕਿਸਾਨਾਂ ਨੇ ਦਿੱਲੀ ਦੇ ਨੇੜੇ ਕੁੰਡਲੀ-ਮਾਨੇਸਰ-ਪਲਵਲ (kmp) ਹਾਈਵੇਅ ਨੂੰ ਜਾਮ ਕਰ ਦਿੱਤੀ ਹੈ। ਅੰਦੋਲਨਕਾਰੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਸਾਰੇ ਕਿਸਾਨਾਂ ਨੇ ਇਕੱਠੇ ਹੋ ਕੇ ਇਹ ਹਾਈਵੇਅ ਬੰਦ ਕੀਤਾ ਹੈ। ਇੱਥੇ ਸਭ ਕੁਝ ਸ਼ਾਂਤੀਪੂਰਨ ਚੱਲ ਰਿਹਾ ਹੈ।

ਅਸੀਂ ਅੰਦੋਲਨ ਨੂੰ ਹੋਰ ਤੇਜ ਕਰ ਰਹੇ ਹਾਂ, ਮਹਾਂਪੰਚਾਇਤਾਂ ਵਿਚ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਰਾਜੇਵਾਲ ਨੇ ਕਿਹਾ, ਅਸੀਂ ਪੰਜ ਰਾਜਾਂ ਵਿਚ ਜਾ ਕੇ ਬੀਜੇਪੀ ਨੂੰ ਵਿਧਾਨ ਸਭਾ ਚੋਣਾਂ ਵਿਚੋਂ ਹਰਾਵਾਂਗੇ। ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਭਾਜਪਾ ਨੂੰ ਵੋਟਾਂ ਨਾ ਪਾਇਓ। ਉਨ੍ਹਾਂ ਕਿਹਾ ਕਿ ਅਸੀਂ ਇਕਜੁੱਟ ਹੋ ਕੇ ਕਿਸਾਨ ਅੰਦੋਲਨ ਨੂੰ ਹੋਰ ਤੇਜ ਕਰਾਂਗੇ। ਹਾਈਵੇਅ ਨੂੰ ਜਾਮ ਕਰਨ ਤੋਂ ਇਲਾਵਾ ਕਿਸਾਨ ਨੇਤਾਵਾਂ ਨੇ ਟੋਲ ਪਲਾਜ਼ਾ ਵੀ ਫਰੀ ਕਰਾਉਣ ਦਾ ਐਲਾਨ ਵੀ ਕੀਤਾ ਹੈ।

ਕਿਸਾਨਾਂ ਦੇ ਸੰਗਠਨ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਰਾਸ਼ਟਰੀ ਮਾਰਗਾਂ ਉਤੇ ਸਥਿਤ ਟੋਲ ਪਲਾਜ਼ਾ ਨੂੰ ਮੁਕਤ ਕਰਾਵਾਂਗੇ ਅਤੇ ਬਲੈਕ ਡੇਅ ਮਨਾਵਾਂਗੇ। ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਲਿਆਏ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ ਸਾਲ ਦੇ 26 ਨਵੰਬਰ ਤੋਂ ਹੀ ਕਿਸਾਨ ਹਜਾਹਾਂ ਦੀ ਗਿਣਤੀ ਵਚਿ ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਉਤੇ ਵੱਖ-ਵੱਖ ਥਾਵਾਂ ਉਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।

ਕਿਸਾਨਾਂ ਦੀ ਮੰਗ ਐਮਐਸਪੀ ਦੀ ਗਰੰਟੀ ਨੂੰ ਕਾਨੂੰਨ ਬਣਾਉਣ ਦੀ ਵੀ ਹੈ। ਇਸ ਅੰਦੋਲਨ ਦੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਮੁਤਾਬਿਕ ਵੱਖ-ਵੱਖ ਕਾਰਨਾਂ ਨਾਲ ਹੁਣ ਤੱਕ ਕੁੱਲ 248 ਲੋਕਾਂ ਦੀ ਜਾਨ ਜਾ ਚੁੱਕੀ ਹੈ।