ਨਾਮਜ਼ਦਗੀ ਰੱਦ ਹੋਣ ’ਤੇ ਤੇਜ ਬਹਾਦੁਰ ਨੇ ਖੜਕਾਇਆ ਐਸਸੀ ਦਾ ਦਰਵਾਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਕੀ ਹੈ ਪੂਰਾ ਮਾਮਲਾ

Dismissed BSF jawan Tej Bahadur Yadav moves SC against rejection of his nomination

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੁੱਧ ਵਾਰਾਣਸੀ ਤੋਂ ਚੋਣ ਮੈਦਾਨ ਵਿਚ ਉਤਰਨ ਵਾਲੇ ਬੀਐਸਐਫ ਦੇ ਬਰਖ਼ਾਸਤ ਜਵਾਨ ਤੇਜ ਬਹਾਦੁਰ ਯਾਦਵ ਨੇ ਨਾਮਜ਼ਦਗੀ ਰੱਦ ਹੋਣ ’ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਚੋਣ ਮੈਦਾਨ ਵਿਚ ਉਤਰੇ ਤੇਜ ਬਹਾਦੁਰ ਯਾਦਵ ਦਾ ਨਾਮਜ਼ਦਗੀ ਪੱਤਰ ਰੱਦ ਕਰ ਦਿੱਤਾ ਗਿਆ ਸੀ। ਤੇਜ ਬਹਾਦੁਰ ਨੇ ਪਹਿਲਾਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਪੱਤਰ ਦਾਖ਼ਲ ਕਰਵਾਇਆ ਸੀ।

ਇਸ ਤੋਂ ਬਾਅਦ ਸਮਾਜਵਾਦੀ ਪਾਰਟੀ ਨੇ ਉਹਨਾਂ ਨੂੰ ਅਪਣਾ ਉਮੀਦਵਾਰ ਐਲਾਨ ਕਰ ਦਿੱਤਾ। ਸਮਾਜਵਾਦੀ ਪਾਰਟੀ ਨੇ ਪਹਿਲਾਂ ਸ਼ਾਲਿਨੀ ਯਾਦਵ ਨੂੰ ਟਿਕਟ ਦਿੱਤੀ ਸੀ। ਤੇਜ ਬਹਾਦੁਰ ਦਾ ਪੱਤਰ ਰੱਦ ਹੋਣ ਤੋਂ ਬਾਅਦ ਹੁਣ ਸਮਾਜਵਾਦੀ ਪਾਰਟੀ ਵੱਲੋਂ ਸ਼ਾਲਿਨੀ ਯਾਦਵ ਹੀ ਪੀਐਮ ਮੋਦੀ ਦੇ ਮੁਕਾਬਲ ਵਿਚ ਹੈ। ਨਾਲ ਹੀ ਕਾਂਗਰਸ ਨੇ ਅਜੇ ਰਾਇ ਨੂੰ ਦੁਬਾਰਾ ਟਿਕਟ ਦੇ ਕੇ ਪੀਐਮ ਮੋਦੀ ਵਿਰੁੱਧ ਉਤਾਰਿਆ ਹੈ।

ਦਸ ਦਈਏ ਕਿ ਯਾਦਵ ਦੀ ਇਕ ਵੀਡੀਉ ਨੇ ਵਿਵਾਦ ਖੜ੍ਹਾ ਕਰ ਦਿੱਤਾ ਸੀ ਜਿਸ ਵਿਚ ਉਹਨਾਂ ਨੇ ਇਲਜ਼ਾਮ ਲਗਾਇਆ ਸੀ ਕਿ ਜਵਾਨਾਂ ਨੂੰ ਘਟੀਆ ਭੋਜਨ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਉਹਨਾਂ ਨੂੰ ਸੀਮਾ ਸੁਰੱਖਿਆ ਬਲ ਤੋਂ ਬਰਖ਼ਾਸਤ ਕਰ ਦਿੱਤਾ ਸੀ। ਜ਼ਿਲ੍ਹਾ ਚੋਣ ਅਧਿਕਾਰੀ ਸੁਰਿੰਦਰ ਸਿੰਘ ਨੇ ਤੇਜ਼ ਬਹਾਦੁਰ ਯਾਦਵ ਦੁਆਰਾ ਪੇਸ਼ ਨਾਮਜ਼ਦਗੀ ਪੱਤਰ ਵਿਚ ਦੋ ਕਮੀਆਂ ਦੇਖਦੇ ਹੋਏ ਉਹਨਾਂ ਨੂੰ ਇਕ ਦਿਨ ਬਾਅਦ ਅਸਲੀ ਪ੍ਰਮਾਣ ਪੱਤਰ ਪੇਸ਼ ਕਰਨ ਨੂੰ ਕਿਹਾ ਸੀ।

ਦਸਣਯੋਗ ਹੈ ਕਿ 24 ਅਪ੍ਰੈਲ ਨੂੰ ਆਜ਼ਾਦ ਅਤੇ 29 ਅਪ੍ਰੈਲ ਨੂੰ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਦੇ ਤੌਰ ’ਤੇ ਨਾਮਜ਼ਦਗੀ ਕਰਵਾਈ ਸੀ। ਉਹਨਾਂ ਨੇ ਬੀਐਸਐਫ ਤੋਂ ਬਰਖ਼ਾਸਤੀ ਨੂੰ ਲੈ ਕੇ ਦੋਵਾਂ ਨਾਮਜ਼ਦਗੀਆਂ ਵਿਚ ਵੱਖ ਵੱਖ ਦਾਅਵੇ ਕੀਤੇ ਸਨ। ਇਸ ’ਤੇ ਜ਼ਿਲ੍ਹਾ ਚੋਣ ਕਾਰਜਕਾਲ ਨੇ ਯਾਦਵ ਨੂੰ ਨੋਟਿਸ ਜਾਰੀ ਕਰਦੇ ਹੋਏ ਅਸਲੀ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੇ ਨਿਰਦੇਸ਼ ਦਿੱਤੇ ਸਨ। ਪਰ ਯਾਦਵ ਨਿਰਧਾਰਿਤ ਸਮੇਂ ’ਤੇ ਦਸਤਾਵੇਜ਼ ਨਹੀਂ ਪੇਸ਼ ਕਰ ਸਕਿਆ।

ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਉਹਨਾਂ ਦਾ ਨਾਮਜ਼ਦਗੀ ਪੱਤਰ ਰੱਦ ਹੀ ਕਰ ਦਿੱਤਾ। ਉਹਨਾਂ ਪੱਕੇ ਤੌਰ ’ਤੇ ਕੋਈ ਸਬੂਤ ਪੇਸ਼ ਨਹੀਂ ਕੀਤੇ ਸਨ ਕਿ ਉਹਨਾਂ ਨੂੰ ਬੀਐਸਐਫ ਵਿਚੋਂ ਕਿਹੜੀ ਘਟਨਾ ਕਰਕੇ ਬਰਖ਼ਾਸਤ ਕੀਤਾ ਗਿਆ ਸੀ।