ਲੌਕਡਾਊਨ ਤੋਂ ਬਾਅਦ ਦੀ ਰਣਨੀਤੀ ਵਿਚ ਮੁੱਖ ਮੰਤਰੀ ਵੀ ਹੋਣ ਸ਼ਾਮਲ, ਕੇਂਦਰ ਤੋਂ ਕਰਨ ਸਵਾਲ:ਮਨਮੋਹਨ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਸੰਕਟ 'ਤੇ ਕਾਂਗਰਸ ਦੀ ਬੈਠਕ

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਦੇਸ਼ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਕਟ ਵਿਚਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਇਸ ਮੀਟਿੰਗ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਮੌਜੂਦ ਸਨ, ਜਿਸ ਵਿਚ ਉਹਨਾਂ ਨੇ  ਮੁੱਖ ਮੰਤਰੀਆਂ ਨੂੰ ਸੁਝਾਅ ਦਿੱਤੇ।

ਮਨਮੋਹਨ ਸਿੰਘ ਨੇ ਕਿਹਾ ਕਿ 17 ਮਈ ਤੋਂ ਬਾਅਦ ਜੋ ਵੀ ਰਣਨੀਤੀ ਬਣਦੀ ਹੈ, ਮੁੱਖ ਮੰਤਰੀਆਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਬੈਠਕ ਵਿਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀਆਂ ਨੂੰ ਕੇਂਦਰ ਸਰਕਾਰ ਤੋਂ ਵਾਰ-ਵਾਰ ਸਵਾਲ ਪੁੱਛਣਾ ਹੋਵੇਗਾ ਕਿ ਲੌਕਡਾਊਨ ਤੋਂ ਬਾਅਦ ਦੀ ਰਣਨੀਤੀ ਕੀ ਹੈ?

ਕੀ ਭਾਰਤ ਸਰਕਾਰ ਕਿਸੇ ਤਰ੍ਹਾਂ ਦੀ ਰਣਨੀਤੀ 'ਤੇ ਕੰਮ ਕਰ ਰਹੀ ਹੈ? ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਰਣਨੀਤੀ ਬਣਾਈ ਜਾਂਦੀ ਹੈ ਤਾਂ ਸਾਰੇ ਮੁੱਖ ਮੰਤਰੀਆਂ ਨੂੰ ਉਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਉਹਨਾਂ ਦੇ ਨਾਲ ਹੀ ਇਸ ਰਣਨੀਤੀ ਨੂੰ ਫਾਈਨਲ ਕੀਤਾ ਜਾਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਮੁੱਖ ਮੰਤਰੀ ਕਈ ਵਾਰ ਇਲਜ਼ਾਮ ਲਗਾ ਚੁੱਕੇ ਹਨ ਕਿ ਭਾਰਤ ਸਰਕਾਰ ਕਿਸੇ ਵੀ ਰਣਨੀਤੀ ਵਿਚ ਰਾਜ ਨੂੰ ਹਿੱਸੇਦਾਰ ਨਹੀਂ ਬਣਾ ਰਹੀ ਹੈ। ਸਿੱਧੇ ਤੌਰ 'ਤੇ ਕੇਂਦਰ ਤੋਂ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਇਸ ਬੈਠਕ ਵਿਚ ਸੋਨੀਆ ਗਾਂਧੀ ਨੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ।

ਸੋਨੀਆ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ 17 ਮਈ ਤੋਂ ਬਾਅਦ ਕਿਸ ਰਣਨੀਤੀ 'ਤੇ ਕੰਮ ਹੋਵੇਗਾ। ਲੌਕਡਾਊਨ ਤੋਂ ਬਾਅਦ ਸਰਕਾਰ ਕੀ ਫੈਸਲੇ ਲੈ ਰਹੀ ਹੈ ਤਾਂ ਜੋ ਇਸ ਸੰਕਟ ਨਾਲ ਨਜਿੱਠਿਆ ਜਾ ਸਕੇ। ਇਸ ਬੈਠਕ ਵਿਚ ਕਾਂਗਰਸ ਸ਼ਾਸਤ ਸੂਬਿਆਂ ਵੱਲੋਂ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਰਾਹਤ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ।