ਨਿਤੀਸ਼ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕੀਤਾ
ਮੁਜ਼ੱਫ਼ਰਪੁਰ ਦੇ ਇਕ ਆਸਰਾ ਘਰ 'ਚ 34 ਕੁੜੀਆਂ ਨਾਲ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਵਿਰੋਧੀ ਧਿਰ ਦਾ ਸਖ਼ਤ ਆਲੋਚਨਾ ਦਾ ਸਾਹਮਣਾ ਕਰ ਰਹੇ............
ਨਵੀਂ ਦਿੱਲੀ : ਮੁਜ਼ੱਫ਼ਰਪੁਰ ਦੇ ਇਕ ਆਸਰਾ ਘਰ 'ਚ 34 ਕੁੜੀਆਂ ਨਾਲ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਵਿਰੋਧੀ ਧਿਰ ਦਾ ਸਖ਼ਤ ਆਲੋਚਨਾ ਦਾ ਸਾਹਮਣਾ ਕਰ ਰਹੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਸਤੀਫ਼ਾ ਨਹੀਂ ਦੇਣਗੇ। ਜਨਤਾ ਦਲ (ਯੂਨਾਈਟਡ) ਨੇ ਅੱਜ ਨਿਤੀਸ਼ ਦੇ ਅਸਤੀਫ਼ੇ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ 'ਚ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਜਾਂਚ ਲਈ ਤਿਆਰ ਹਨ। ਨਿਤੀਸ਼ ਦੇ ਅਸਤੀਫ਼ੇ ਦੀ ਮੰਗ ਨੂੰ ਰੱਦ ਕਰਦਿਆਂ ਜਨਤਾ ਦਲ (ਯੂ) ਦੇ ਆਗੂ ਕੇ.ਸੀ. ਤਿਆਗੀ ਨੇ ਆਰ.ਜੇ.ਡੀ. ਦੀ ਅਗਵਾਈ 'ਚ ਜੰਤਰ ਮੰਤਰ ਵਿਖੇ
ਮੋਮਬੱਤੀ ਮਾਰਚ 'ਚ ਹਿੱਸਾ ਲੈਣ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਆਗੂਆਂ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਲਾਹਾ ਲੈਣ ਵਾਲੀਆਂ ਪਾਰਟੀਆਂ ਲਈ ਇਹ 'ਫ਼ਰੈਂਡਸ਼ਿਪ ਡੇਅ' ਸੀ ਜੋ ਕਿ ਸ਼ਰਮਨਾਕ ਅਤੇ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਨਿਤੀਸ਼ ਭਾਵੁਕ ਵਿਅਕਤੀ ਹਨ ਅਤੇ ਇਸ ਮਾਮਲੇ 'ਤੇ ਸ਼ਰਮਸਾਰ ਹਨ ਜਿਸ ਦਾ ਵਿਰੋਧੀ ਪਾਰਟੀਆਂ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਉਧਰ ਇਸ ਮੁੱਦੇ 'ਤੇ ਬਿਹਾਰ 'ਚ ਜਨਤਾ ਦਲ (ਯੂ) ਦੀ ਭਾਈਵਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਸੀ.ਪੀ. ਠਾਕੁਰ ਨੇ ਅੱਜ ਬਿਹਾਰ ਦੇ ਸਮਾਜ ਭਲਾਈ ਮੰਤਰੀ ਮੰਜੂ ਵਰਮਾ ਦਾ ਅਸਤੀਫ਼ਾ ਮੰਗਿਆ ਹੈ। ਉਨ੍ਹਾਂ ਕਿਹਾ ਕਿ ਮੁਜ਼ੱਫ਼ਰਪੁਰ ਆਸਰਾ ਘਰ ਬਲਾਤਕਾਰ ਮਾਮਲੇ 'ਤੇ ਉਨ੍ਹਾਂ ਨੂੰ ਜ਼ਿੰਮੇਵਾਰੀ ਲੈ ਕੇ ਅਸਤੀਫ਼ਾ ਦੇ ਦੇਣਾ ਬਣਦਾ ਸੀ। (ਪੀਟੀਆਈ)