ਚੰਦਰਸ਼ੇਖਰ ਰਾਓ ਦਾ ਵੱਡਾ ਦਾਅ, 9 ਮਹੀਨੇ ਪਹਿਲਾਂ ਭੰਗ ਕੀਤੀ ਤੇਲੰਗਾਨਾ ਵਿਧਾਨ ਸਭਾ
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖ਼ਰ ਰਾਓ ਨੇ ਅੱਜ ਵੱਡਾ ਫ਼ੈਸਲਾ ਲੈਂਦੇ ਹੋਏ ਰਾਜ ਵਿਧਾਨ ਸਭਾ ਚੋਣਾਂ ਜਲਦ ਕਰਵਾਏ ਜਾਣ ਦਾ ਦਾਅ ਖੇਡਿਆ ਹੈ। ਤੇਲੰਗਾਨਾ ਦਾ ...
ਹੈਦਰਾਬਾਦ : ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖ਼ਰ ਰਾਓ ਨੇ ਅੱਜ ਵੱਡਾ ਫ਼ੈਸਲਾ ਲੈਂਦੇ ਹੋਏ ਰਾਜ ਵਿਧਾਨ ਸਭਾ ਚੋਣਾਂ ਜਲਦ ਕਰਵਾਏ ਜਾਣ ਦਾ ਦਾਅ ਖੇਡਿਆ ਹੈ। ਤੇਲੰਗਾਨਾ ਦਾ ਗਠਨ 2014 ਵਿਚ ਹੋਇਆ ਸੀ ਅਤੇ ਰਾਜ ਵਿਚ ਵਿਧਾਨ ਸਭਾ ਦੀਆਂ ਚੋਣਾਂ ਅਗਲੇ ਸਾਲ ਲੋਕ ਸਭਾ ਚੋਣਾਂ ਦੇ ਨਾਲ ਹੋਣੀਆਂ ਪ੍ਰਸਤਾਵਤ ਸਨ ਪਰ ਚੰਦਰ ਸ਼ੇਖ਼ਰ ਰਾਓ ਨੇ ਜਲਦ ਚੋਣਾਂ ਦਾ ਸਾਹਮਣਾ ਕਰਨ ਦਾ ਫ਼ੈਸਲਾ ਲਿਆ ਕਿਉਂਕਿ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਰਾਜ ਵਿਚ ਮਾਹੌਲ ਹੁਣ ਉਨ੍ਹਾਂ ਦੀ ਪਾਰਟੀ ਤੇਲੰਗਾਨਾ ਰਾਸ਼ਟਰ ਕਮੇਟੀ ਦੇ ਪੱਖ ਵਿਚ ਹੈ।
ਚੰਦਰਸ਼ੇਖਰ ਰਾਓ ਅਪਣੇ ਲਈ 6 ਅੰਕ ਨੂੰ ਸ਼ੁਭ ਮੰਨਦੇ ਹਨ, ਇਸ ਲਈ 9 ਮਹੀਨੇ ਪਹਿਲਾਂ ਵਿਧਾਨ ਸਭਾ ਭੰਗ ਕਰਨ ਦਾ ਫ਼ੈਸਲਾ ਕਰਨ ਦੇ ਲਈ ਉਨ੍ਹਾਂ ਨੇ ਅੱਜ ਕੈਬਨਿਟ ਦੀ ਮੀਟਿੰਗ ਬੁਲਾਈ ਸੀ। ਮੀਟਿੰਗ ਵਿਚ ਰਾਜ ਵਿਧਾਨ ਸਭਾ ਭੰਗ ਕਰਨ ਦਾ ਫ਼ੈਸਲਾ ਆਮ ਸਹਿਮਤੀ ਨਾਲ ਕੀਤਾ ਗਿਆ ਅਤੇ ਰਾਜਪਾਲ ਨੂੰ ਇਸ ਦੀ ਸਿਫਾਰਸ਼ ਕੀਤੀ ਗਈ। ਰਾਜ ਭਵਨ ਤੋਂ ਜਾਰੀ ਬਿਆਨ ਵਿਚ ਕਿਹਾ ਗਿਅ ਾ ਹੈ ਕਿ ਰਾਜਪਾਲ ਈਐਸਐਲ ਨਰਸਿਮ੍ਹਨ ਨੇ ਵਿਧਾਨ ਸਭਾ ਭੰਗ ਕਰਨ ਦੀ ਤੇਲੰਗਾਨਾ ਮੰਤਰੀ ਮੰਡਲ ਦੀ ਸਿਫ਼ਾਰਸ਼ ਸਵੀਕਾਰ ਕਰ ਲਈ ਹੈ।
ਹਾਲਾਂਕਿ ਰਾਜਪਾਲ ਨੇ ਕੇਸੀ ਰਾਓ ਨੂੰ ਰਾਜ ਦੇ ਕੰਮ ਚਲਾਊ ਮੁੱਖ ਮੰਤਰੀ ਬਣੇ ਰਹਿਣ ਲਈ ਕਿਹਾ ਹੈ, ਜਿਸ 'ਤੇ ਮੁੱਖ ਮੰਤਰੀ ਨੇ ਸਹਿਮਤੀ ਜਤਾ ਦਿਤੀ ਹੈ।
ਜ਼ਿਕਰਯੋਗ ਹੈ ਕਿ ਰਾਜ ਵਿਧਾਨ ਸਭਾ ਵਿਚ 119 ਸੀਟਾਂ ਹਨ, ਜਿਸ ਵਿਚ ਟੀਆਰਐਸ ਦੇ ਕੋਲ 63 ਸੀਟਾਂ ਹਨ ਅਤੇ ਕਾਂਗਰਸ ਦੇ ਕੋਲ 13 ਸੀਟਾਂ ਹਨ। ਚੰਦਰਸ਼ੇਖਰ ਰਾਓ ਪਿਛਲੇ ਹਫ਼ਤੇ ਭਰ ਤੋਂ ਜਿਸ ਤਰ੍ਹਾਂ ਹਰ ਸਮਾਜ ਦੇ ਲਈ ਕੁੱਝ ਨਾ ਕੁੱਝ ਰਾਹਤ ਵਾਲਾ ਐਲਾਨ ਕਰ ਰਹੇ ਹਨ, ਉਸ ਤੋਂ ਸਾਫ਼ ਲੱਗ ਰਿਹਾ ਸੀ ਕਿ ਉਹ ਚੋਣਾਂ ਜਲਦ ਚਾਹੁੰਦੇ ਹਨ।
ਹੁਣ ਅੱਜ ਰਾਜ ਕੈਬਨਿਟ ਦੇ ਫ਼ੈਸਲੇ ਤੋਂ ਬਾਅਦ ਤੇਲੰਗਾਨਾ ਵਿਚ ਵਿਧਾਨ ਸਭਾ ਦੀ ਚੋਣ ਨਵੰਬਰ ਵਿਚ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਏ ਜਾਣ ਦੇ ਆਸਾਰ ਹਨ। ਚੰਦਰਸ਼ੇਖ਼ਰ ਰਾਓ ਭਾਜਪਾ ਦੇ ਕਰੀਬ ਅੱਜਕੱਲ੍ਹ ਦਿਸ ਰਹੇ ਹਨ ਪਰ ਇਸ ਗੱਲ ਨੂੰ ਖੁੱਲ੍ਹ ਕੇ ਨਹੀਂ ਕਰ ਰਹੇ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਚੋਣਾਂ ਵਿਚ ਟੀਆਰਐਸ ਨੇ ਐਨਡੀਏ ਉਮੀਦਵਾਰ ਦਾ ਸਮਰਥਨ ਕੀਤਾ ਸੀ ਅਤੇ ਹਾਲ ਹੀ ਵਿਚ ਲੋਕ ਸਭਾ ਵਿਚ ਵਿਸ਼ਵਾਸ ਮਤ ਦੌਰਾਨ ਸਦਨ ਤੋਂ ਬਾਈਕਾਟ ਕਰਕੇ ਭਾਜਪਾ ਦਾ ਰਸਤਾ ਆਸਾਨ ਕਰ ਦਿਤਾ ਸੀ।