ਅਣਪਛਾਤੇ ਵਿਅਕਤੀ ਨੇ ਬਾਹਰੋਂ ਜੇਲ੍ਹ ਅੰਦਰ ਸੁੱਟਿਆ ਚਰਸ ਤੇ ਨਸ਼ੀਲੇ ਪਦਾਰਥਾਂ ਨਾਲ ਭਰਿਆ ਲਿਫ਼ਾਫ਼ਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਰਸ ਨਾਲ ਬਰਾਮਦ ਹੋਈਆਂ ਚਿੱਟੇ ਰੰਗ ਦੀਆਂ ਗੋਲੀਆਂ 

Image

 

ਮੁੰਬਈ - ਆਰਥਰ ਰੋਡ ਜੇਲ੍ਹ ਦੇ ਇੱਕ ਕਾਂਸਟੇਬਲ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕਥਿਤ ਤੌਰ 'ਤੇ ਚਰਸ ਤੇ ਕਿਸੇ ਹੋਰ ਸ਼ੱਕੀ ਨਸ਼ੀਲੇ ਪਦਾਰਥ ਦੀ ਗੋਲੀਆਂ ਵਾਲਾ ਪੋਲੀਥੀਨ ਬੈਗ ਬਾਹਰੋਂ ਜੇਲ੍ਹ ਅੰਦਰ ਸੁੱਟਣ ਦੇ ਦੋਸ਼ ਵਿਚ ਐੱਫ.ਆਈ.ਆਰ. ਦਰਜ ਕਰਵਾਈ ਹੈ। 

ਇਹ ਲਿਫ਼ਾਫ਼ਾ ਬੈਰਕ ਨੰਬਰ 11 ਨੇੜੇ ਮਿਲਿਆ ਹੈ, ਜਿੱਥੇ ਸੰਵੇਦਨਸ਼ੀਲ ਮਾਮਲਿਆਂ ਅਧੀਨ ਅੰਡਰ ਟ੍ਰਾਇਲ ਕੈਦੀ ਰਹਿੰਦੇ ਹਨ। ਐਨ.ਐਮ. ਜੋਸ਼ੀ ਮਾਰਗ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਾਂਸਟੇਬਲ ਅਜੇ ਧੂਰੀ ਨੇ ਦੱਸਿਆ ਕਿ 29 ਨਵੰਬਰ ਦੀ ਸ਼ਾਮ ਨੂੰ ਜੇਲ੍ਹ ਵਿੱਚ ਡਿਊਟੀ 'ਤੇ ਪਹੁੰਚਿਆ, ਅਤੇ ਅਗਲੇ ਦਿਨ ਸਵੇਰੇ ਤੜਕੇ 4.30 ਵਜੇ ਉਸ ਨੂੰ ਇਹ ਪਾਲੀਥੀਨ ਬੈਗ ਮਿਲਿਆ। ਉਸ ਨੇ ਕਿਹਾ ਕਿ ਉਸ ਨੇ ਇਸ ਬਾਰੇ ਆਪਣੇ ਸੀਨੀਅਰਾਂ ਨੂੰ ਸੂਚਿਤ ਕੀਤਾ ਅਤੇ ਬੈਗ ਖੋਲ੍ਹਿਆ ਗਿਆ। ਇਸ ਵਿੱਚ 134 ਗ੍ਰਾਮ ਚਰਸ ਅਤੇ ਅੱਧੀ ਦਰਜਨ ਤੋਂ ਵੱਧ ਚਿੱਟੇ ਰੰਗ ਦੀਆਂ ਗੋਲੀਆਂ ਬਰਾਮਦ ਹੋਈਆਂ, ਜੋ ਨਸ਼ੀਲੇ ਪਦਾਰਥ ਹੋਣ ਦਾ ਸ਼ੱਕ ਹੈ।

ਜਿੱਥੇ ਇਹ ਸ਼ੱਕੀ ਸਮਾਨ ਬਰਾਮਦ ਹੋਇਆ, ਉਸ ਦੇ ਨੇੜੇ ਇੱਕ ਤਿੰਨ ਮੰਜ਼ਿਲਾ ਇਮਾਰਤ ਹੈ ਜਿੱਥੇ ਹਾਈ-ਪ੍ਰੋਫਾਈਲ ਕੈਦੀਆਂ ਨੂੰ ਰੱਖਿਆ ਗਿਆ ਹੈ। 

ਇੱਕ ਪੁਲਿਸ ਅਧਿਕਾਰੀ ਨੇ ਕਿਹਾ, "ਨਸ਼ਾ ਬਾਹਰੋਂ ਸੁੱਟਿਆ ਗਿਆ ਸੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।" 

ਅਧਿਕਾਰੀ ਨੇ ਅੱਗੇ ਕਿਹਾ ਕਿ ਪਾਲੀਥੀਨ ਸੁੱਟਣ ਵਾਲਿਆਂ ਨੂੰ ਲੱਭਣ ਵਾਸਤੇ ਪੁਲਿਸ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਵੀ ਜਾਂਚ ਕਰੇਗੀ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਵੀ ਰਸਾਇਣਕ ਵਿਸ਼ਲੇਸ਼ਣ ਲਈ ਭੇਜੇ ਜਾਣ ਦੀ ਸੰਭਾਵਨਾ ਹੈ।