ਲਓ ਜੀ ਮੀਂਹ 'ਚ ਕਿਸਾਨਾਂ ਦੇ ਰਹਿਣ ਲਈ ਆ ਗਈਆਂ ਲਗਜ਼ਰੀ ਬੱਸਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ‘ਚ ਕਿਸਾਨ ਮੋਰਚਾ ਕਈਂ ਦਿਨਾਂ ਤੋਂ ਲਗਾਤਾਰ ਜਾਰੀ ਹੈ...

Singhu Border

ਨਵੀਂ ਦਿੱਲੀ (ਅਰਪਨ ਕੌਰ): ਦਿੱਲੀ ‘ਚ ਕਿਸਾਨ ਮੋਰਚਾ ਕਈਂ ਦਿਨਾਂ ਤੋਂ ਲਗਾਤਾਰ ਜਾਰੀ ਹੈ, ਕਿਸਾਨ ਅੰਦੋਲਨ ਦਾ ਅੱਜ 42ਵਾਂ ਦਿਨ ਹੈ। ਮੋਦੀ ਸਰਕਾਰ ਵੱਲੋਂ ਨਵੇਂ ਬਣਾਏ ਖੇਤੀ ਕਾਨੂੰਨਾਂ ਦਾ ਵਿਰੋਧ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ‘ਤੇ ਡਟ ਕੇ ਕੀਤਾ ਜਾ ਰਿਹਾ ਹੈ। ਕਿਸਾਨ ਮੋਰਚੇ ਨੂੰ ਲੈ ਕੇ ਇੱਥੇ ਕਈ ਸੰਸਥਾਵਾਂ ਸੇਵਾ ਕਰ ਰਹੀਆਂ ਹਨ। ਦੱਸ ਦਈਏ ਕਿ ਦਿੱਲੀ ‘ਚ ਮੌਸਮ ਖਰਾਬ ਚੱਲ ਰਿਹਾ ਹੈ ਤੇ ਲਗਾਤਾਰ ਬਾਰਿਸ਼ ਜਾਰੀ ਹੈ।

ਅੰਦੋਲਨ ‘ਚ ਕਿਸਾਨਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆ ਸਕੇ ਇਸਨੂੰ ਦੇਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸਾਨਾਂ ਲਈ ਸਿੰਘੂ ਬਾਰਡਰ ‘ਤੇ ਆਰਾਮ ਕਰਨ ਲਈ ਲਗਜ਼ਰੀ ਬੱਸਾਂ ਦੇ ਵਿਚ ਰੈਣ ਬਸੇਰੇ ਦਾ ਪ੍ਰਬੰਧ ਕੀਤਾ ਹੈ। ਇਨ੍ਹਾਂ ਬੱਸਾਂ ਵਿਚ ਸਾਰੀਆਂ ਸਹੂਲਤਾਂ ਉਪਲਬਧ ਹਨ ਜਿਵੇਂ ਲਾਈਟ ਦਾ ਪ੍ਰਬੰਧ, ਗੱਦੇ ਲੱਗੇ ਹੋਏ ਹਨ, ਅਤੇ ਠੰਡ ਦੇ ਬਚਾਅ ਲਈ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਕਾਹਲੋਂ ਨੇ ਲਗਜ਼ਰੀ ਬੱਸਾਂ ਦੀਆਂ ਸਹੂਲਤਾਂ ਬਾਰੇ ਦੱਸਿਆ। ਕਾਹਲੋਂ ਨੇ ਕਿਹਾ ਕਿ ਦਿੱਲੀ ‘ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਇੱਥੇ ਕਿਸਾਨ ਮੋਰਚੇ ‘ਚ ਕਿਸਾਨ ਵੱਡੀ ਗਿਣਤੀ ‘ਚ ਹਿੱਸਾ ਲੈ ਰਹੇ ਹਨ, ਜਿਹੜੇ ਕਿਸਾਨਾਂ ਕੋਲ ਰਹਿਣ ਲਈ ਕੋਈ ਸਹੂਲਤ ਨਹੀਂ ਹੈ, ਅਸੀਂ ਉਨ੍ਹਾਂ ਲਈ 25 ਬੱਸਾਂ ਦੀਆਂ ਸੀਟਾਂ ਖੋਲ੍ਹ ਕੇ ਗੱਦੇ ਵਿਛਾ ਦਿੱਤੇ ਹਨ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇੱਕ ਬੱਸ ‘ਚ ਘੱਟੋ-ਘੱਟ 20 ਕਿਸਾਨ ਆਰਾਮ ਕਰ ਸਕਦੇ ਹਨ, ਕਾਹਲੋਂ ਨੇ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਜਦੋਂ ਤੱਕ ਅੰਦੋਲਨ ਚੱਲ ਰਿਹਾ ਹੈ ਜੇਕਰ ਸਾਨੂੰ 100 ਤੋਂ 200 ਬੱਸਾਂ ਵੀ ਇੱਥੇ ਲਿਆਉਣੀਆਂ ਪਈਆਂ ਤਾਂ ਅਸੀਂ ਕਿਸਾਨਾਂ ਲਈ ਇੱਥੇ ਬੱਸਾਂ ਲੈ ਕੇ ਆਵਾਂਗੇ।

ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਸੇਵਾ ਤੋਂ ਬਾਅਦ ਹੋਰ ਵੀ ਕਈਂ ਤਰ੍ਹਾਂ ਸਹੂਲਤਾਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਵੇਂ ਕੰਬਲ, ਕੰਘੇ, ਕਛਹਿਰੇ, ਬਿਸਤਰੇ, ਤਰਪਾਲਾਂ, ਮੈਡੀਕਲ ਸਹੂਲਤ, ਐਂਬੂਲੈਂਸ ਸਹੂਲਤ ਆਦਿ ਜਿਹੜੇ ਵੀ ਕਿਸਾਨਾਂ ਨੂੰ ਲੋੜ ਹੋਵੇ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ਼ ਤੋਂ ਆ ਕੇ ਇੱਥੋਂ ਲੈ ਸਕਦਾ ਹੈ।