ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਧਰਮੀ ਫ਼ੌਜੀਆਂ ਦਾ ਦੁਖਾਂਤ ਸਮਝਣ ਦਾ ਯਤਨ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜੂਨ 1984 ਦੇ ਹਮਲੇ ਦੇ ਤੱਥਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਅਕਾਲੀ ਦਲ ਕਰੇ : ਧਰਮੀ ਫ਼ੌਜੀ

DSGMC tried to understand the tragedy of righteous soldiers

ਧਾਰੀਵਾਲ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਵਲੋਂ ਪੰਥ ਦੀ ਖ਼ਾਤਰ ਬੈਰਕਾਂ ਛੱਕ ਕੇ ਸ੍ਰੀ ਅੰਮ੍ਰਿਤਸਰ ਵਲ ਕੂਚ ਕਰਨ ਵਾਲੇ ਸਿੱਖ ਧਰਮੀ ਫ਼ੌਜੀਆਂ ਦੇ ਕੇਸ ਆਪ ਲੜਣ ਦੇ ਫ਼ੈਸਲਾ ਦਾ ਸਿੱਖ ਧਰਮੀ ਫ਼ੌਜੀਆਂ ਅਤੇ ਹੋਰ ਪੰਥ ਹਿਤੈਸ਼ੀਆਂ ਵਲੋਂ ਸ਼ਲਾਘਾ ਕੀਤੀ ਕਿਉਂਕਿ 35 ਸਾਲ ਬੀਤ ਜਾਣ 'ਤੇ ਪਹਿਲੀ ਵਾਰ ਕਿਸੇ ਪੰਥਕ ਲੀਡਰ ਨੇ ਧਰਮੀ ਫ਼ੌਜੀ ਅਤੇ ਉਨ੍ਹਾਂ ਦੇ ਪਰਵਾਰਾਂ ਦਾ ਦਰਦ ਸਮਝਿਆ ਹੈ। 

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ (ਰਜਿ.) ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਮੁੱਖ ਦਫ਼ਤਰ ਨਜ਼ਦੀਕ ਗੁਰਦਵਾਰਾ ਬੁਰਜ ਸਾਹਿਬ  ਧਾਰੀਵਾਲ ਵਿਖੇ ਹੋਈ ਅਹਿਮ ਮੀਟਿੰਗ  ਦੌਰਾਨ ਕੀਤਾ। ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜੂਨ  1984 ਵਿਚ ਅਕਾਲ ਤਖ਼ਤ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦੇ ਤੱਥ ਸਿੱਖ ਸੰਗਤਾਂ ਸਾਹਮਣੇ ਪੇਸ਼ ਕੀਤੇ ਜਾਣ ਕਿ ਹਮਲੇ ਦੀ ਵਿਉਂਤਬੰਦੀ ਕਿਸ ਨੇ ਕੀਤੀ, ਕਿੰਨੇ ਫ਼ੌਜੀ ਸ਼ਾਮਲ ਹੋਏ, ਕਿਹੜੇ ਕਿਹੜੇ ਹਥਿਆਰ ਅਤੇ ਅਸਲਾ ਵਰਤ ਕੇ ਕਿੰਨੀ ਨਿਰਦੋਸ਼ ਸੰਗਤ ਮਾਰੀ ਗਈ ਜਿਸ ਵਿਚ ਕਿੰਨੇ ਬੱਚੇ, ਔਰਤਾਂ, ਮਰਦ ਅਤੇ ਬਜ਼ੁਰਗ ਸ਼ਾਮਲ ਸਨ, ਦਾ ਸਾਰਾ ਵੇਰਵਾ ਤੱਥਾਂ ਸਾਹਿਤ ਉਜਾਗਰ ਕੀਤਾ ਜਾਵੇ ਅਤੇ ਹਮਲੇ ਵਿਚ ਸ਼ਾਮਲ ਫ਼ੌਜੀਆਂ ਨੂੰ ਰਾਸ਼ਟਰਪਤੀ ਵਲੋਂ ਸਨਮਾਨਤ ਕਰਨ ਦੇ ਕਾਰਨ ਅਤੇ ਹੋਰ ਕੀ ਕੀ ਪੈਨਸ਼ਨਾਂ ਅਤੇ ਮੈਡਲ ਦਿਤੇ ਗਏ, ਬਾਰੇ ਐਸ.ਆਈ.ਟੀ. ਗਠਤ ਕਰ ਕੇ ਸਿੱਖ ਪੰਥ ਸਾਹਮਣੇ ਉਜਾਗਰ ਕੀਤੇ ਜਾਣੇ।

ਧਰਮੀ ਫ਼ੌਜੀਆਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਜਲ੍ਹਿਆ ਵਾਲੇ ਬਾਗ਼ ਕਾਂਡ ਦੇ ਤੱਥ ਉਜਾਗਰ ਕੀਤੇ ਹਨ ਤਾਂ ਇਸ ਤਰ੍ਹਾਂ ਹੀ ਜੂਨ 1984 ਹਮਲੇ ਦੇ ਤੱਥ ਵੇਰਵੇ ਸਹਿਤ ਸਿੱਖ ਕੌਮ ਸਾਹਮਣੇ ਪੇਸ਼ ਕੀਤੇ ਜਾਣ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ, ਸੁਖਦੇਵ ਸਿੰਘ ਘੁੰਮਣ, ਜ਼ਿਲ੍ਹਾ ਹੁਸ਼ਿਆਰਪੁਰ ਦਾ ਪ੍ਰਧਾਨ ਸੁੱਚਾ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਗੁਲਜ਼ਾਰ ਸਿੰਘ, ਸਵਿੰਦਰ ਸਿੰਘ ਕੱਲੂਸੋਹਲ ਆਦਿ ਹਾਜ਼ਰ ਸਨ।