Chandigarh ASI Recruitment : 16 ਹਜ਼ਾਰ 'ਚੋਂ ਮਹਿਜ਼ 6 ਉਮੀਦਵਾਰ ਹੀ ਪਾਸ ਕਰ ਸਕੇ ਫਿਜ਼ੀਕਲ ਟੈਸਟ
49 ਅਸਾਮੀਆਂ ਲਈ 16 ਹਜ਼ਾਰ ਉਮੀਦਵਾਰਾਂ ਵਿਚੋਂ ਸਿਰਫ਼ 30 ਉਮੀਦਵਾਰਾਂ ਨੇ ਪਾਸ ਕੀਤੀ ਲਿਖ਼ਤੀ ਪ੍ਰੀਖਿਆ
1600 ਮੀਟਰ ਦੌੜ 'ਚ ਨਾਕਾਮ ਰਹੇ ਫਿਜ਼ੀਕਲ ਟੈਸਟ ਵਿਚ ਫੇਲ੍ਹ ਹੋਣ ਵਾਲੇ ਜ਼ਿਆਦਾਤਰ ਉਮੀਦਵਾਰ
ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਵਿਭਾਗ ਨੂੰ 13 ਸਾਲ ਬਾਅਦ ਸਿਧੀ ਭਰਤੀ ਜ਼ਰੀਏ 49 ਸਹਾਇਕ ਸਬ-ਇੰਸਪੈਕਟਰ (ASI) ਮਿਲਨੇ ਸਨ ਪਰ ਇਨ੍ਹਾਂ ਦਾ ਲਿਖ਼ਤੀ ਪੇਪਰ ਹੀ ਇੰਨਾ ਮੁਸ਼ਕਿਲ ਅਤੇ ਲੰਬਾ ਸੀ ਕਿ 16 ਹਜ਼ਾਰ ਉਮੀਦਵਾਰਾਂ ਵਿਚੋਂ ਮਹਿਜ਼ 30 ਹੀ ਇਸ ਪਾਸ ਕਰ ਸਕੇ। ਇਨ੍ਹਾਂ 30 ਉਮੀਦਵਾਰਾਂ ਦਾ ਸੋਮਵਾਰ ਨੂੰ ਸੈਕਟਰ 20 ਪੁਲਿਸ ਲਾਈਨ 'ਚ ਫਿਜ਼ੀਕਲ ਟੈਸਟ ਸੀ ਜਿਸ ਵਿਚ ਸਿਰਫ਼ 6 ਉਮੀਦਵਾਰ ਹੀ ਸਫਲ ਹੋਏ ਹਨ।
ਇਹ ਵੀ ਪੜ੍ਹੋ:ਰੇਲ ਯਾਤਰੀ ਵ੍ਹਟਸਐਪ ਜ਼ਰੀਏ ਆਰਡਰ ਕਰ ਸਕਣਗੇ ਖਾਣਾ, ਭਾਰਤੀ ਰੇਲਵੇ ਨੇ ਕੁਝ ਰੂਟਾਂ ਲਈ ਜਾਰੀ ਕੀਤਾ ਨੰਬਰ
ਦੱਸ ਦੇਈਏ ਕਿ ਅਜੇ ਇਨ੍ਹਾਂ 6 ਉਮੀਦਵਾਰਾਂ ਦਾ ਮੈਡੀਕਲ ਟੈਸਟ ਵੀ ਹੋਣਾ ਹੈ ਅਤੇ ਉਸ ਤੋਂ ਬਾਅਦ ਡਾਕੂਮੈਂਟ ਚੈੱਕ ਕੀਤੇ ਜਾਣਗੇ। ਇਸ ਭਰਤੀ ਦੀ ਪੁਲਿਸ ਵਿਭਾਗ ਵਿਚ ਚਰਚਾ ਹੈ ਜੋ ਪਹਿਲਾਂ ਤੋਂ ਹੀ ਮੁਲਾਜ਼ਮਾਂ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਸੋਮਵਾਰ ਦੁਪਹਿਰ ਨੂੰ ਕੁਜ ਮੁਲਾਜ਼ਮ ਤਾਂ ਇਹ ਕਹਿੰਦੇ ਵੀ ਸੁਣਾਈ ਦਿਤੇ ਕਿ ਲਗਦਾ ਹੈ ਏ.ਐਸ.ਆਈ. ਨਹੀਂ ਸਗੋਂ ਆਈ.ਏ.ਐਸ. ਦੀ ਭਰਤੀ ਸੀ।
ਪ੍ਰਾਪਤ ਵੇਰਵਿਆਂ ਅਨੁਸਾਰ ਸਵੇਰੇ 9 ਵਜੇ ਸਾਰੇ 30 ਉਮੀਦਵਾਰਾਂ ਨੇ ਸੈਕਟਰ 26 ਸਥਿਤ ਅਰਟੀਸੀ 'ਚ ਰਿਪੋਰਟ ਕਰਨਾ ਸੀ। ਸੂਤਰਾਂ ਦੀ ਮੰਨੀਏ ਤਾਂ ਤਿੰਨ-ਚਾਰ ਉਮੀਦਵਾਰ ਸ਼ਾਮ ਤੱਕ ਫਿਜ਼ੀਕਲ ਟੈਸਟ ਦੇਣ ਹੀ ਨਹੀਂ ਆਏ। ਬਾਕੀ ਦੇ ਜੋ ਬਚੇ ਸਨ ਉਨ੍ਹਾਂ ਵਿਚੋਂ ਜ਼ਿਆਦਾਤਰ ਉਮੀਦਵਾਰ 1600 ਮੀਟਰ ਦੀ ਦੌੜ ਵਿਚ ਨਾਕਾਮ ਰਹੇ ਕਿਉਂਕਿ ਉਹ ਤੈਅ ਸਮੇਂ ਵਿਚ ਦੌੜ ਪੂਰੀ ਨਹੀਂ ਕਰ ਸਕੇ। ਇਸ ਤਰ੍ਹਾਂ ਇਨ੍ਹਾਂ ਵਿਚੋਂ 6 ਉਮੀਦਵਾਰ ਹੀ ਅਜਿਹੇ ਸਨ ਜੋ ਫਿਜ਼ੀਕਲ ਟੈਸਟ ਵਿਚ ਪਾਸ ਹੋਏ ਹਨ।
ਇਹ ਵੀ ਪੜ੍ਹੋ:ਭਰਾ ਅਤੇ ਮਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਨਾਬਾਲਗ ਨਾਲ ਕੀਤਾ ਜਿਸਮਾਨੀ ਸ਼ੋਸ਼ਣ
ਇਹ ਸੀ ਫਿਜ਼ੀਕਲ ਟੈਸਟ ਲਈ ਨਿਯਮ:
ਪੁਰਸ਼ਾਂ ਲਈ :
-ਕੱਦ ਘੱਟ ਤੋਂ ਘੱਟ 5 ਫੁੱਟ 7 ਇੰਚ
-6 ਮਿੰਟ ਵਿਚ 1600 ਮੀਟਰ ਦੌੜ
-14 ਫੁੱਟ ਲਾਂਗ ਜੰਪ
-4 ਫੁੱਟ ਹਾਈ ਜੰਪ
ਔਰਤਾਂ ਲਈ :
-ਘੱਟ ਤੋਂ ਘੱਟ ਕੱਦ 5 ਫੁੱਟ 2 ਇੰਚ
-ਢਾਈ ਮਿੰਟ ਵਿਚ 500 ਮੀਟਰ ਦੌੜ
-8 ਫੁੱਟ ਲਾਂਗ ਜੰਪ
-3 ਫੁੱਟ ਹਾਈ ਜੰਪ
ਇਸ ਤੋਂ ਇਲਾਵਾ ਐਕਸ ਸਰਵਿਸਮੈਨ ਲਈ ਸਿਰਫ਼ 10 ਮਿੰਟ ਵਿਚ 1600 ਮੀਟਰ ਦੌੜ ਕਲੇਰ ਕਰਨੀ ਸੀ। ਦੱਸ ਦੇਈਏ ਕਿ ਜਿਨ੍ਹਾਂ 6 ਉਮੀਦਵਾਰਾਂ ਨੇ ਫਿਜ਼ੀਕਲ ਟੈਸਟ ਪਾਸ ਕੀਤਾ ਹੈ ਉਨ੍ਹਾਂ ਵਿਚ ਨਾ ਤਾਂ ਕੋਈ ਵੀ ਔਰਤ ਅਤੇ ਨਾ ਹੀ ਕੋਈ ਐਕਸ ਸਰਵਿਸਮੈਨ ਸ਼ਾਮਲ ਹੈ।