ਜੰਮੂ ਦੇ ਬੱਸ ਸਟੈਂਡ 'ਚ ਫਟਿਆ ਗ੍ਰੇਨੇਡ, ਇਕ ਮਰਿਆ, 32 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਵਾਮਾ ਦੇ ਫਿਦਾਇਨ ਹਮਲੇ ਮਗਰੋਂ ਇਹ ਵੱਡੀ ਘਟਨਾ...

In Jammu Bus Stand Grenade Attack

ਜੰਮੂ, 7 ਮਾਰਚ : ਜੰਮੂ ਕਸ਼ਮੀਰ ਵਿਚ ਅਸ਼ਾਂਤੀ ਦਰਮਿਆਨ ਬੱਸ ਸਟੈਂਡ ਵਿਚ ਇਕ ਹੋਰ ਧਮਾਕਾ ਹੋਇਆ ਹੈ। ਜੰਮੂ ਦੇ ਪੁਲਿਸ ਡੀਜੀ ਐਮਕੇ ਸਿਨਹਾ ਮੁਤਾਬਕ ਇਥੇ ਹੋਏ ਗ੍ਰੇਨੇਡ ਧਮਾਕੇ ਵਿਚ ਜ਼ਖਮੀ ਹੋਂ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮਰਨ ਵਾਲੇ ਦੀ ਪਛਾਣ ਕਲਿਆਣਪੁਰ ਦੇ ਰਹਿਣ ਵਾਲੇ ਸ਼ਰੀਕ ਵਜੋਂ ਹੋਈ ਹੈ। ਇਸ ਹਾਦਸੇ ਵਿਚ 32 ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਸਾਹਮਣੇ ਆਈ ਹੈ।

ਸਾਰੇ ਜ਼ਖਮੀਆਂ ਨੂੰ ਨੇੜੇ ਦੇ ਜੀਐਮਸੀ ਹਸਪਾਤਲ ਭਰਤੀ ਕਰਾਇਆ ਗਿਆ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਨੂੰ ਸੁਰੱਖਿਆ ਬਲਾਂ ਨੇ ਘੇਰ ਲਿਆ ਹੈ। ਧਮਾਕੇ ਨੂੰ ਅੰਜਾਮ ਦੇਣ ਵਾਲਿਆਂ ਦੇ ਸਬੰਧ ਵਿਚ ਕੋਈ ਖ਼ਬਰ ਨਹੀਂ ਮਿਲੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਿਨਹਾ ਨੇ ਕਿਹਾ ਕਿ ਅਤਿਵਾਦੀ ਹਮਲੇ ਦੀ ਸ਼ੰਕਾ ਪਹਿਲਾਂ ਹੀ ਜਤਾਈ ਜਾ ਰਹੀ ਸੀ। ਪੁਲਿਸ ਇਸ ਤਰਾਂ ਦੀਆਂ ਜਾਣਕਾਰੀਆਂ 'ਤੇ ਕੰਮ ਵੀ ਕਰ ਰਹੀ ਸੀ।

ਪਰ ਇਸ ਸਬੰਧੀ ਕੋਈ ਖਾਸ ਜਾਣਕਾਰੀ ਨਹੀਂ ਮਿਲ ਸਕੀ ਸੀ। ਜ਼ਿਕਰਯੋਗ ਹੈ ਕਿ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ਵਿਚ ਹੋਈ ਫਿਦਾਇਨ ਹਮਲੇ ਤੋਂ ਬਾਅਦ ਇਹ ਵੱਡੀ ਘਟਨਾ ਹੈ। ਹਲਾਂਕਿ ਇਸ ਤੋਂ ਪਹਿਲਾਂ ਵੀ ਆਮ ਨਾਗਰਿਕਾਂ 'ਤੇ ਗ੍ਰੇਨੇਡ ਨਾਲ ਹਮਲੇ ਹੋ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਕ ਘਟਨਾ ਵੀਰਵਾਰ ਕਰੀਬ 12 ਵਜ ਕੇ 10 ਮਿੰਟ 'ਤੇ ਹੋਈ। ਸੂਤਰਾਂ ਮੁਤਾਬਕ ਇਹ ਗ੍ਰੇਨੇਡ ਟਿਕਟ ਬੁਕਿੰਗ ਕਾਊਂਟਰ ਕੋਲ ਜਾ ਕੇ ਡਿੱਗਿਆ।

ਹਲਾਂਕਿ ਇਸ ਵੇਲੇ ਉਥੇ ਬਹੁਤ ਜ਼ਿਆਦਾ ਲੋਕ ਨਹੀਂ ਸਨ। ਆਮ ਤੌਰ 'ਤੇ ਇਸ ਸਮੇਂ ਇਥੇ ਕਾਫ਼ੀ ਭੀੜ ਹੁੰਦੀ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਪੂਰੀ ਤਰਾਂ ਘੇਰ ਲਿਆ ਹੈ। ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ ਵਿਚ ਹੋਈ ਫਿਦਾਇਨ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ।