ਸਰਕਾਰੀ ਪ੍ਰੈੱਸ ਚੰਡੀਗੜ੍ਹ ਦੀ ਬਿਲਡਿੰਗ 'ਚ ਹੁਣ ਫਿਰ ਲੱਗਣਗੀਆਂ ਰੌਣਕਾਂ, ਮਿਲੇਗੀ ਨਵੀਂ ਪਛਾਣ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਸ਼ਾਸਨ ਨੇ ਦਿਤੀ ਮਿਊਜ਼ੀਅਮ ਸਥਾਪਤ ਕਰਨ ਲਈ ਹਰੀ ਝੰਡੀ

file photo

ਚੰਡੀਗੜ੍ਹ : ਸੋਹਣੇ ਸ਼ਹਿਰ ਚੰਡੀਗੜ੍ਹ ਵਿਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ ਜਿਹੜੀਆਂ ਇਸ ਦੀ ਖੂਬਸੂਰਤੀ ਵਧਾਉਣ ਦੇ ਨਾਲ-ਨਾਲ ਅਪਣੀ ਵੱਖਰੀ ਪਛਾਣ ਵੀ ਰੱਖਦੀਆਂ ਹਨ। ਸੈਕਟਰ-18 ਸਥਿਤੀ ਗੌਰਮਿੰਟ ਪ੍ਰੈੱਸ ਵੀ ਚੰਡੀਗੜ੍ਹ ਦੇ ਗਿਣੇ-ਚੁਣੇ ਦਿਲਕਸ਼ ਸਥਾਨਾਂ 'ਚ ਸ਼ੁਮਾਰ ਹੈ। ਇੱਥੇ ਚੱਲ ਰਹੀ ਪ੍ਰੈੱਸ ਨੂੰ ਪ੍ਰਸ਼ਾਸਨ ਨੇ ਹਾਲ ਹੀ ਵਿਚ ਬੰਦ ਕਰਨ ਦੀ ਫ਼ੈਸਲਾ ਕੀਤਾ ਸੀ। ਇਸ ਤੋਂ ਬਾਅਦ ਇਸ ਦੀ ਵਿਸ਼ਾਲ ਬਿਲਡਿੰਗ 'ਚ ਸੰਨਾਟਾ ਛਾਉਣ ਦੇ ਅਸਾਰ ਬਣ ਗਏ ਹਨ। ਪਰ ਪ੍ਰਸ਼ਾਸਨ ਨੇ ਹੁਣ ਇਸ ਵਿਚ ਮੁੜ ਚਹਿਲ-ਪਹਿਲ ਲਿਆਉਣ ਦੀਆਂ ਤਿਆਰੀਆਂ ਖਿੱਚ ਲਈਆਂ ਨੇ।

ਇਸ ਜਗ੍ਹਾ ਛੇਤੀ ਹੀ ਮਿਊਜ਼ੀਅਮ ਬਣਨ ਜਾ ਰਿਹਾ ਹੈ। ਇਸ ਸਬੰਧੀ ਸ਼ੁੱਕਰਵਾਰ ਨੂੰ ਹੋਈ ਮੀਟਿੰਗ ਦੌਰਾਨ ਪ੍ਰਸ਼ਾਸਕ ਵੀ.ਪੀ.  ਸਿੰਘ ਬਦਨੌਰ ਨੇ ਪ੍ਰਸ਼ਾਸਨ ਦੇ ਫ਼ੈਸਲੇ ਦੀ ਸਮੀਖਿਆ ਕਰ ਕੇ ਉਸ 'ਤੇ ਮੋਹਰ ਵੀ ਲਗਾ ਦਿਤੀ ਹੈ। ਅਗਲੇ ਤਿੰਨ ਮਹੀਨਿਆਂ ਦੌਰਾਨ ਇੱਥੇ ਮਿਊਜ਼ੀਅਮ ਬਣ ਕੇ ਤਿਆਰ ਹੋ ਜਾਣ ਦੀ ਉਮੀਦ ਹੈ। ਮਿਊਜ਼ੀਅਮ ਦੇ ਇਕ ਹਿੱਸੇ ਵਿਚ ਵਿੰਟੇਜ ਕਾਰਾਂ ਹੋਣਗੀਆਂ ਜਦਕਿ ਦੂਜੇ ਹਿੱਸੇ ਵਿਚ ਐਨਟਿਕ ਫ਼ਰਨੀਚਰ ਪ੍ਰਦਰਸ਼ਤ ਕੀਤਾ ਜਾਵੇਗਾ।

ਇਸ ਪ੍ਰਾਜੈਕਟ ਨੂੰ ਆਖ਼ਰੀ ਛੂਹਾਂ ਦੇਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇੰਜੀਨੀਅਰਿੰਗ ਵਿਭਾਗ ਤੋਂ ਇਲਾਵਾ ਹੋਰ ਸਬੰਧਤ ਵਿਭਾਗਾਂ ਨੂੰ ਪੂਰਾ ਖਾਕਾ ਤਿਆਰ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿਤੀਆਂ ਗਈਆਂ ਹਨ। ਦੱਸ ਦਈਏ ਕਿ ਬੀਤੇ ਦਿਨੀਂ ਪ੍ਰਸ਼ਾਸਨ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਇਸ ਨੂੰ ਬੰਦ ਕਰਨ ਤੋਂ ਬਾਅਦ ਇੱਥੇ ਕੰਮ ਕਰਦੇ ਸਟਾਫ਼ ਨੂੰ ਦੂਜੇ ਵਿਭਾਗਾਂ ਵਿਚ ਅਡਜਸਟ ਕਰਨ ਦੀ ਯੋਜਨਾ ਤਿਆਰ ਕੀਤੀ ਸੀ। ਇਹ ਫ਼ੈਸਲਾ ਕੇਂਦਰ ਸਰਕਾਰ ਦੇ ਆਦੇਸ਼ 'ਤੇ ਲਿਆ ਗਿਆ ਸੀ।

ਸੈਕਟਰ-18 ਸ਼ਹਿਰ ਦੇ ਵਿਚਕਾਰ ਸਥਿਤ ਹੈ ਅਤੇ ਇੱਥੇ ਕਾਫ਼ੀ ਸਾਰੀ ਜਗ੍ਹਾ ਮੌਜੂਦ ਹੈ। ਇਹ ਥਾਂ ਚੰਡੀਗੜ੍ਹ ਦੇ ਇਤਿਹਾਸ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ। ਪ੍ਰਸ਼ਾਸਨ ਨੇ ਇਸ ਦੀ ਸੁਚੱਜੀ ਵਰਤੋਂ ਸਬੰਧੀ ਵਿਸ਼ੇਸ਼ ਪਾਲਸੀ ਤਿਆਰ ਕੀਤੀ ਹੈ। ਇਸ ਦੇ ਤਹਿਤ ਹੀ ਇੱਥੇ ਮਿਊਜ਼ੀਅਮ ਬਣਾ ਕੇ ਇਕ ਆਕਰਸ਼ਤ ਸਥਾਨ ਵਜੋਂ ਵਿਕਸਤ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਥਾਂ ਨੂੰ ਸ਼ਹਿਰ ਦੇ ਬਾਕੀ ਵੇਖਣਯੋਗ ਥਾਵਾਂ 'ਚ ਸ਼ੁਮਾਰ ਕਰ ਕੇ ਇੱਥੇ ਆਮ ਲੋਕਾਂ ਅਤੇ ਸੈਲਾਨੀਆਂ ਨੂੰ ਆਕਰਸ਼ਤ ਕਰਨ ਦੀ ਯੋਜਨਾ ਹੈ।

ਮਿਊਜ਼ੀਅਮ 'ਚ ਵਿੰਟੇਜ ਕਾਰਾਂ ਰੱਖਣ ਤੋਂ ਇਲਾਵਾ ਲੀ ਕਾਰਬੂਜ਼ੀਅਰ ਅਤੇ ਹੋਰ ਐਨਟਿਕ ਫ਼ਰਨੀਚਰ ਨੂੰ ਪ੍ਰਦਰਸ਼ਤ ਕੀਤਾ ਜਾਵੇਗਾ। ਇਸ ਦਾ ਸਾਰਾ ਬਿਊਰਾ ਪ੍ਰਸ਼ਾਸਕ ਸ਼ੁੱਕਰਵਾਰ ਨੂੰ ਯੂ.ਟੀ. ਸਕੱਤਰੇਤ ਵਿਖੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਇਸ ਫ਼ੈਸਲੇ ਨੂੰ ਅਮਲੀ ਜਾਮਾ ਪਹਿਨਾਉਣ ਦੀ ਮਨਜ਼ੂਰੀ ਦੇ ਦਿਤੀ ਹੈ।