ਕਸ਼ਮੀਰ ਪਹੁੰਚੇ NSA ਅਜੀਤ ਡੋਭਾਲ ਦਾ ਵੀਡੀਓ ਵਾਇਰਲ, ਆਮ ਲੋਕਾਂ ਨਾਲ ਖਾਣਾ ਖਾਂਦੇ ਦਿਖਾਈ ਦਿੱਤੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਨੂੰ ਹਟਾਉਣ ਤੋਂ ਬਾਅਦ ਸੂਬੇ ਵਿਚ ਧਾਰਾ 144 ਲਾਗੂ ਹੈ।

NSA Ajit Doval

ਨਵੀਂ ਦਿੱਲੀ: ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਨੂੰ ਹਟਾਉਣ ਤੋਂ ਬਾਅਦ ਸੂਬੇ ਵਿਚ ਧਾਰਾ 144 ਲਾਗੂ ਹੈ। ਕਸ਼ਮੀਰ ਵਿਚ ਸੜਕਾਂ ‘ਤੇ ਭਾਰੀ ਗਿਣਤੀ ਵਿਚ ਸੁਰੱਖਿਆ ਬਲ ਨਜ਼ਰ ਆ ਰਹੇ ਹਨ। ਸੂਬੇ ਵਿਚ ਪਹਿਲਾਂ ਤੋਂ ਹੀ 25 ਹਜ਼ਾਰ ਤੋਂ ਜ਼ਿਆਦਾ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ।ਇਸੇ ਦੌਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਕਸ਼ਮੀਰ ਪਹੁੰਚੇ ਅਤੇ ਉਹਨਾਂ ਨੇ ਉੱਥੋਂ ਦੇ ਹਲਾਤਾਂ ਦਾ ਜਾਇਜ਼ਾ ਲਿਆ।

ਇਸ ਦੌਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਆਮ ਲੋਕਾਂ ਅਤੇ ਸੁਰੱਖਿਆ ਬਲਾਂ ਨਾਲ ਗੱਲਬਾਤ ਵੀ ਕੀਤੀ। ਇਸ ਦੇ ਨਾਲ ਹੀ ਅਜੀਤ ਡੋਭਾਲ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਜੰਮੂ-ਕਸ਼ਮੀਰ ਦੇ ਸ਼ੋਪੀਆਂ ਦੀ ਹੈ, ਜਿੱਥੇ ਉਹ ਆਮ ਲੋਕਾਂ ਨਾਲ ਪੌੜੀਆਂ ‘ਤੇ ਬੈਠੇ ਖਾਣਾ ਖਾਂਦੇ ਦਿਖਾਈ ਦੇ ਰਹੇ ਹਨ।

ਇਸ ਤੋਂ ਇਲਾਵਾ ਉਹ ਸੁਰੱਖਿਆ ਬਲਾਂ ਨਾਲ ਗੱਲ ਕਰਦੇ ਵੀ ਦਿਖਾਈ ਦਿੱਤੇ। ਸੁਰੱਖਿਆ ਬਲਾਂ ਨੂੰ ਅਜੀਤ ਡੋਭਾਲ ਨੇ ਕਿਹਾ ਕਿ ਪੂਰੇ ਭਾਰਤ ਅੰਦਰ ਕੋਈ ਵੀ ਅਜਿਹੀ ਥਾਂ ਨਹੀਂ ਹੈ, ਜਿੱਥੇ ਸਮੱਸਿਆ ਆਈ ਹੋਵੇ ਪਰ ਸੀਆਰਪੀਐਫ ਨਹੀਂ ਗਈ ਹੋਵੇ। ਸੀਆਰਪੀਐਫ ਨੇ ਜਿਸ ਕਾਮਯਾਬੀ ਨਾਲ ਅਪਣਾ ਫਰਜ਼ ਨਿਭਾਇਆ ਹੈ ਉਹ ਕਾਬਿਲ-ਏ-ਤਾਰਿਫ਼ ਹੈ। ਕਸ਼ਮੀਰ ਦੇ ਅੰਦਰ ਸੀਆਰਪੀਐਫ ਨੇ ਲੋਕਾਂ ਨੂੰ ਜੋ ਸੇਵਾ ਦਿੱਤੀ ਹੈ, ਉਸ ਦਾ ਕੋਈ ਮੁਕਾਬਲਾ ਨਹੀਂ ਹੈ।

ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਨੂੰ ਮਿਲਿਆ ਖ਼ਾਸ ਦਰਜਾ ਵੀ ਖ਼ਤਮ ਹੋ ਗਿਆ। ਕੇਂਦਰ ਸਰਕਾਰ ਨੇ ਇਸ ਦੌਰਾਨ ਜੰਮੂ-ਕਸ਼ਮੀਰ ਪੁਨਰ ਗਠਨ ਬਿਲ ਨੂੰ ਦੋਵੇਂ ਸਦਨਾਂ ਵਿਚ ਪਾਸ ਕਰਵਾ ਲਿਆ ਗਿਆ। ਇਸ ਬਿਲ ਦੇ ਪਾਸ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਿਆ ਗਿਆ। ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ਼ ਦੋ ਕੇਂਦਰ ਸ਼ਾਸਤ ਪ੍ਰਦੇਸ਼ ਬਣ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।