ਨਵੀਂ ਸਿੱਖਿਆ ਨੀਤੀ ‘ਤੇ ਬੋਲੇ ਪੀਐਮ- ਦੇਸ਼ ਹੋਵੇਗਾ ਮਜ਼ਬੂਤ, ਕਿਸੇ ਨਾਲ ਕੋਈ ਭੇਦਭਾਵ ਨਹੀਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਸਿੱਖਿਆ ਨੀਤੀ ਦੇ ਕਾਨਫਰੰਸ ਨੂੰ ਸੰਬੋਧਨ ਕੀਤਾ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਸਿੱਖਿਆ ਨੀਤੀ ਦੇ ਕਾਨਫਰੰਸ ਨੂੰ ਸੰਬੋਧਨ ਕੀਤਾ। ਹਾਲ ਹੀ ਵਿਚ ਸਰਕਾਰ ਨੇ ਦੇਸ਼ ਦੀ ਸਿੱਖਿਆ ਨੀਤੀ ਵਿਚ ਵੱਡੇ ਬਦਲਾਅ ਕੀਤੇ ਹਨ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਇਸ ਮੁੱਦੇ ‘ਤੇ ਪਹਿਲੀ ਵਾਰ ਸੰਬੋਧਨ ਕੀਤਾ।
ਪੀਐਮ ਮੋਦੀ ਨੇ ਕਾਨਫਰੰਸ ਦੌਰਾਨ ਕੀਤਾ ਸੰਬੋਧਨ
ਪੀਐਮ ਮੋਦੀ ਨੇ ਕਿਹਾ, ‘ਅੱਜ ਦੀ ਇਹ ਕਾਨਫਰੰਸ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਲਿਹਾਜ਼ ਨਾਲ ਕਾਫ਼ੀ ਅਹਿਮ ਹੈ। ਇਸ ਨਾਲ ਐਨਈਪੀ ਨੂੰ ਲੈ ਕੇ ਜਾਣਕਾਰੀ ਸਪੱਸ਼ਟ ਹੋਵੇਗੀ ਅਤੇ ਇਸ ਨੂੰ ਲਾਗੂ ਕੀਤਾ ਜਾਵੇਗਾ। ਤਿੰਨ-ਚਾਰ ਸਾਲ ਦੀ ਕੋਸ਼ਿਸ਼ ਤੋਂ ਬਾਅਦ ਇਸ ਨੂੰ ਆਖਰੀ ਰੂਪ ਦਿੱਤਾ ਗਿਆ ਹੈ। ਦੇਸ਼ ਭਰ ਵਿਚ ਇਸ ਦੀ ਚਰਚਾ ਹੋ ਰਹੀ ਹੈ। ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕ ਅਪਣੇ ਵਿਚਾਰ ਦੇ ਰਹੇ ਹਨ। ਇਸ ਦਾ ਲਾਭ ਦੇਸ਼ ਦੀ ਸਿੱਖਿਆ ਵਿਵਸਥਾ ਨੂੰ ਮਿਲੇਗਾ’।
ਕਿਸੇ ਨਾਲ ਕੋਈ ਭੇਦਭਾਵ ਨਹੀਂ ਹੋਵੇਗਾ-ਮੋਦੀ
ਪੀਐਮ ਮੋਦੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਚ ਕਿਸੇ ਵੀ ਖੇਤਰ ਦੇ ਲੋਕਾਂ ਨਾਲ ਕੋਈ ਭੇਦਭਾਵ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਦਾ ਮਕਸਦ ਦੇਸ਼ ਦੀਆਂ ਮੌਜੂਦਾ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਮਜ਼ਬੂਤ ਬਣਾਉਣਾ ਹੈ। ਦੇਸ਼ ਦੇ ਵਿਦਿਆਰਥੀ ਦੇਸ਼ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਣਗੇ।
ਦੇਸ਼ ਦੀ ਸਿੱਖਿਆ ਨੀਤੀ ਵਿਚ ਲੰਬੇ ਸਮੇਂ ਤੋਂ ਨਹੀਂ ਹੋਇਆ ਸੀ ਕੋਈ ਬਦਲਾਅ
ਰਾਸ਼ਟਰੀ ਸਿੱਖਿਆ ਨੀਤੀ ਵਿਚ ਬਦਲਾਅ ਦੀ ਲੋੜ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ 'ਦੇਸ਼ ਦੀ ਸਿੱਖਿਆ ਨੀਤੀ ਵਿਚ ਲੰਬੇ ਸਮੇਂ ਤੋਂ ਕੋਈ ਬਦਲਾਅ ਨਹੀਂ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਨੌਜਵਾਨਾਂ ਵਿਚ ਉਤਸੁਕਤਾ ਅਤੇ ਕਲਪਨਾ ਖਤਮ ਹੋ ਗਈ ਅਤੇ ਉਹ ਡਾਕਟਰ, ਇੰਜੀਨੀਅਰ ਬਣਨ ਦੀ ਹੋੜ ਵਿਚ ਲੱਗੇ ਹੋਏ ਸਨ’।
ਪੀਐਮ ਨੇ ਕਿਹਾ ਕਿ ਇਹ ਸਿਰਫ਼ ਕੋਈ ਸਰਕੁਲਰ ਨਹੀਂ ਹੈ। ਉਹਨਾਂ ਕਿਹਾ ਸਿੱਖਿਆ ਨੀਤੀ 'ਚ ਦੇਸ਼ ਦੇ ਟੀਚਿਆਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤਾਂ ਕਿ ਭਵਿੱਖ ਲਈ ਪੀੜ੍ਹੀ ਨੂੰ ਤਿਆਰ ਕੀਤਾ ਜਾ ਸਕੇ। ਇਹ ਨੀਤੀ ਨਵੇਂ ਭਾਰਤ ਦੀ ਨੀਂਹ ਰੱਖੇਗੀ। ਦੱਸ ਦਈਏ ਕਿ ਦੇਸ਼ ਵਿਚ 34 ਸਾਲ ਬਾਅਦ ਨਵੀਂ ਸਿੱਖਿਆ ਨੀਤੀ ਆਈ ਹੈ।
ਸਥਾਨਕ ਭਾਸ਼ਾ ‘ਤੇ ਦਿੱਤਾ ਗਿਆ ਜ਼ੋਰ
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੱਚਿਆਂ ਦੇ ਘਰ ਦੀ ਬੋਲੀ ਅਤੇ ਸਕੂਲ ਵਿਚ ਸਿੱਖਣ ਦੀ ਭਾਸ਼ਾ ਇਕ ਹੀ ਹੋਣੀ ਚਾਹੀਦੀ ਹੈ ਤਾਂ ਜੋ ਬੱਚਿਆ ਨੂੰ ਸਿੱਖਣ ਵਿਚ ਅਸਾਨੀ ਹੋਵੇ। ਹੁਣ ਪੰਜਵੀਂ ਤੱਕ ਦੇ ਬੱਚਿਆਂ ਨੂੰ ਇਹ ਸੁਵਿਧਾ ਮਿਲੇਗੀ। ਹਾਲੇ ਤੱਕ ਸਿੱਖਿਆ ਨੀਤੀ What To Think ਦੇ ਨਾਲ ਅੱਗੇ ਵਧ ਰਹੀ ਸੀ। ਹੁਣ How To Think ‘ਤੇ ਜ਼ੋਰ ਦਿੱਤਾ ਜਾਵੇਗਾ। ਅੱਜ ਬੱਚਿਆਂ ਨੂੰ ਇਹ ਮੌਕਾ ਮਿਲਣਾ ਚਾਹੀਦਾ ਹੈ ਕਿ ਬੱਚੇ ਅਪਣੇ ਕੋਰਸ ‘ਤੇ ਜ਼ੋਰ ਦੇ ਸਕਣ, ਜੇਕਰ ਮਨ ਨਾ ਲੱਗੇ ਤਾਂ ਕੋਰਸ ਨੂੰ ਵਿਚਕਾਰ ਹੀ ਛੱਡ ਸਕਣ। ਵਿਦਿਆਰਥੀ ਕਦੀ ਵੀ ਕੋਰਸ ਨਾਲ ਜੁੜ ਸਕਣਗੇ ਤੇ ਨਿਕਲ ਸਕਣਗੇ।