ਭਾਜਪਾ ਸੰਸਦ ਮੈਂਬਰ ਨੇ ਪਾਰਟੀ ਤੋਂ ਨਾਰਾਜ਼ ਹੋ ਕੇ ਦਿਤਾ ਅਸਤੀਫ਼ਾ
ਭਾਰਤੀ ਜਨਤਾ ਪਾਰਟੀ ਦੀ ਬਹਿਰਾਇਚ ਤੋਂ ਸੰਸਦ ਮੈਂਬਰ ਸਾਵਿਤਰੀ ਬਾਈ ਫੂਲੇ ਨੇ ਪਾਰਟੀ ਤੋਂ ਨਾਰਾਜ਼ ਹੋ ਕੇ ਅਸਤੀਫ਼ਾ ਦੇ ਦਿਤਾ ਹੈ..........
ਲਖਨਊ : ਭਾਰਤੀ ਜਨਤਾ ਪਾਰਟੀ ਦੀ ਬਹਿਰਾਇਚ ਤੋਂ ਸੰਸਦ ਮੈਂਬਰ ਸਾਵਿਤਰੀ ਬਾਈ ਫੂਲੇ ਨੇ ਪਾਰਟੀ ਤੋਂ ਨਾਰਾਜ਼ ਹੋ ਕੇ ਅਸਤੀਫ਼ਾ ਦੇ ਦਿਤਾ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ''ਅਯੋਧਿਆ 'ਚ ਆਰ.ਐਸ.ਐਸ., ਵਿਸ਼ਵ ਹਿੰਦੂ ਪਰਿਸ਼ਦ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਮੁਸਲਮਾਨਾਂ, ਦਲਿਤ ਅਤੇ ਪਛੜਿਆਂ ਦੀ ਭਾਵਨਾਵਾਂ ਨੂੰ ਢਾਹ ਲਾਉਂਦਿਆਂ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।'' ਉਨ੍ਹਾਂ ਕਿਹਾ ਕਿ ਵਿਸ਼ਵ ਹਿੰਦੂ ਪਰਿਸ਼ਦ, ਭਾਜਪਾ ਅਤੇ ਆਰ.ਐਸ.ਐਸ. ਨਾਲ ਜੁੜੀਆਂ ਜਥੇਬੰਦੀਆਂ ਵਲੋਂ ਅਯੋਧਿਆ 'ਚ ਮੁੜ 1992 ਵਰਗੀ ਸਥਿਤੀ ਪੈਦਾ ਕਰ ਕੇ
ਸਮਾਜ 'ਚ ਵੰਡ ਅਤੇ ਫ਼ਿਰਕੂ ਤਣਾਅ ਦੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਨਿਰਾਸ਼ ਹੋ ਕੇ ਉਨ੍ਹਾਂ ਨੇ ਭਾਜਪਾ ਦੀ ਮੁਢਲੀ ਮੈਂਬਰੀ ਤੋਂ ਅਸਤੀਫ਼ਾ ਦਿਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਮਾਜ 'ਚ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਸ਼ਹਿਰਾਂ ਦੇ ਨਾਂ ਬਦਲੇ ਜਾ ਰਹੇ ਹਨ। ਬਹੁਜਨ ਸਮਾਜ ਅਤੇ ਘੱਟ ਗਿਣਤੀਆਂ ਦੇ ਇਤਿਹਾਸ ਨੂੰ ਮਿਟਾਇਆ ਜਾ ਰਿਹਾ ਹੈ। ਫੂਲੇ ਨੇ ਕਿਹਾ ਕਿ ਭਾਰਤ ਦਾ ਪੈਸਾ ਗ਼ੈਰਜ਼ਰੂਰੀ ਮੂਰਤੀਆਂ ਬਣਾਉਣ ਅਤੇ ਮੰਦਰਾਂ ਦੀ ਉਸਾਰੀ 'ਚ ਖ਼ਰਚ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦਾ ਵਿਕਾਸ ਨਾ ਕਰ ਕੇ ਹਿੰਦੂ-ਮੁਸਲਮਾਨ, ਭਾਰਤ-ਪਾਕਿਸਤਾਨ ਅਤੇ ਮੰਦਰ-ਮਸਜਿਦ ਦਾ ਡਰ ਵਿਖਾ ਕੇ ਆਪਸੀ ਭਾਈਚਾਰੇ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਉਧਰ ਕਾਂਗਰਸ ਨੇ ਫੂਲੇ ਦੇ ਅਸਤੀਫ਼ਾ 'ਤੇ ਟਿਪਣੀ ਕਰਦਿਆਂ ਕਿਹਾ ਕਿ 'ਡੁਬਦੇ ਜਹਾਜ਼' ਤੋਂ ਛਾਲ ਮਾਰ ਦੇਣਾ ਹੀ ਸਮਝਦਾਰੀ ਹੈ। ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿਲ ਨੇ ਕਿਹਾ, ''ਸਿਰਫ਼ ਜਨਤਾ ਹੀ ਨਹੀਂ ਭਾਜਪਾ ਦੇ ਆਗੂ ਵੀ ਨਾਰਾਜ਼ ਹਨ। ਰਾਜਸਥਾਨ 'ਚ ਭਾਜਪਾ ਦੇ ਮੰਤਰੀ ਤਕ ਨੇ ਪਾਰਟੀ ਛੱਡ ਦਿਤੀ ਹੈ। ਆਉਣ ਵਾਲੇ ਦਿਨਾਂ 'ਚ ਭਾਜਪਾ ਛੱਡਣ ਦਾ ਸਿਲਸਿਲਾ ਵਧੇਗਾ।'' (ਪੀਟੀਆਈ)