ਦਿੱਲੀ ਚੋਣਾਂ : ਦਿੱਲੀ ਵਾਲਿਆਂ ਨੇ ਉਲਝਾਏ 'ਅੰਕੜਾ ਵਿਗਿਆਨੀ'! ਜਾਣੋ ਕਿਵੇਂ?

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਰਟੀ ਮੈਂਬਰਸ਼ਿਪ ਦੀ ਗਿਣਤੀ ਦੇ ਹਿਸਾਬ ਨਾਲ ਲਾਏ ਜਾ ਰਹੇ ਨੇ ਜਿੱਤ ਦੇ ਅੰਦਾਜ਼ੇ

file photo

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦਾ ਰੁਮਾਚ ਅਪਣੀ ਚਰਮ-ਸੀਮਾ 'ਤੇ ਹੈ। ਆਮ ਆਦਮੀ ਪਾਰਟੀ ਦੇ ਹੋਂਦ ਵਿਚ ਆਉਣ ਤੋਂ ਬਾਅਦ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹਰ ਵਾਰ ਦਿਲਚਸਪੀ ਦਾ ਸਿਖਰ ਛੋਹ ਜਾਂਦੀਆਂ ਹਨ।। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਸ ਵੇਲੇ ਨਵੀਂ ਹੋਂਦ ਆਈ ਆਮ ਆਦਮੀ ਪਾਰਟੀ ਨੇ 70 ਵਿਚੋਂ 67 ਸੀਟਾਂ 'ਤੇ ਜਿੱਤ ਹਾਸਲ ਕਰ ਕੇ ਇਕ ਕਿਸਮ ਦਾ ਤਹਿਲਕਾ ਮਚਾ ਦਿਤਾ ਸੀ। ਸਿਆਸੀ ਗਲਿਆਰਿਆਂ ਅਨੁਸਾਰ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਥਿਤੀ ਅਜੇ ਵੀ ਕੋਈ ਬਹੁਤੀ ਮਾੜੀ ਨਹੀਂ ਹੈ।

ਦੂਜੇ ਪਾਸੇ ਤਕਰੀਬਨ 30 ਸਾਲ ਤੋਂ ਦੇਸ਼ ਦੀ ਰਾਜਧਾਨੀ ਦੀ ਸੱਤਾ ਤੋਂ ਦੂਰ ਰਹਿੰਦੀ ਆ ਰਹੀ ਭਾਜਪਾ ਨੂੰ ਇਸ ਵਾਰ ਦਿੱਲੀ ਵਿਚ ਉਸ ਦੇ ਮੈਂਬਰਾਂ ਦੀ ਗਿਣਤੀ ਦੇ ਅੰਕੜੇ ਉਤਸਾਹਿਤ ਕਰ ਰਹੇ ਹਨ। ਇਸੇ ਦੇ ਮੈਂਬਰਾਂ ਦੀ ਗਿਣਤੀ ਦੇ ਅੰਕੜੇ ਵੀ ਕਾਫ਼ੀ ਦਿਲਚਸਪ ਹਨ। ਦਿੱਲੀ ਵਿਚ ਇਕ ਕਰੋੜ 46 ਲੱਖ ਵੋਟਰ ਹਨ। ਭਾਜਪਾ ਦਾ ਦਾਅਵਾ ਹੈ ਕਿ ਰਾਜਧਾਨੀ ਵਿਚ ਮੈਂਬਰ ਬਣਾਉਣ ਦੀ ਮੁਹਿੰਮ ਖ਼ਤਮ ਹੋਣ ਤੋਂ ਬਾਅਦ ਉਸ ਦੇ 62 ਲੱਖ 28 ਹਜ਼ਾਰ 172 ਮੈਂਬਰ ਹੋ ਚੁੱਕੇ ਹਨ।

ਇਸ ਹਿਸਾਬ ਨਾਲ ਦਿੱਲੀ ਵਿਚਲੇ ਕੁੱਲ ਵੋਟਰਾਂ ਵਿਚੋਂ 42.4 % ਭਾਜਪਾ ਮੈਂਬਰ ਹਨ। 2015 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ 48 ਲੱਖ 78 ਹਜ਼ਾਰ 397 ਵੋਟਾਂ ਹਾਸਿਲ ਹੋਈਆਂ ਸਨ ਤੇ ਆਮ ਆਦਮੀ ਪਾਰਟੀ ਨੂੰ 67 ਸੀਟਾਂ ਜਿੱਤੀ ਸੀ।

ਭਾਜਪਾ ਮੈਂਬਰਾਂ ਦੀ ਗਿਣਤੀ ਦੇ ਹਿਸਾਬ ਨਾਲ ਜੇਕਰ ਭਾਜਪਾ ਦੇ ਮੈਂਬਰ ਹੀ ਉਸਨੂੰ ਵੋਟ ਪਾ ਦੇਣ ਤਾਂ ਉਹ ਸਾਰੀਆਂ ਦੀਆਂ ਸਾਰੀਆਂ 70 ਸੀਟ ਜਿੱਤ ਸਕਦੀ ਹੈ। ਭਾਵੇਂ 2015 ਵਿਚ ਵੀ ਅਜਿਹਾ ਨਹੀਂ ਸੀ ਹੋ ਸਕਿਆ।

2015 ਦੀਆਂ ਚੋਣਾਂ ਦੌਰਾਨ ਵੀ ਭਾਜਪਾ ਦੇ ਸਾਰੇ ਮੈਬਰਾਂ ਨੇ ਪਾਰਟੀ ਨੂੰ ਵੋਟ ਨਹੀਂ ਸੀ ਦਿਤਾ। ਭਾਜਪਾ ਨੇ 2015 ਵਿਚ 44 ਲੱਖ 45 ਹਜ਼ਾਰ 172 ਮੈਂਬਰ ਬਣਾਏ ਸਨ। ਪਰ ਉਸ ਨੂੰ ਵਿਧਾਨ ਸਭਾ ਚੋਣ ਵਿਚ ਸਿਰਫ਼ 28 ਲੱਖ 90 ਹਜ਼ਾਰ 485  (32.19% ) ਵੋਟਾਂ ਹੀ ਮਿਲ ਸਕੀਆਂ ਸਨ। ਇਸ ਦੇ ਬਲਬੂਤੇ ਉਸ ਨੂੰ ਸਿਰਫ਼ 3 ਸੀਟਾਂ ਹੀ ਮਿਲੀਆਂ ਸਨ।

ਜਦੋਂ ਕਿ ਆਮ ਆਦਮੀ ਪਾਰਟੀ ਨੂੰ 48,78,397 (54.34%) ਵੋਟਾਂ ਮਿਲੀਆਂ ਸਨ। ਇਨ੍ਹਾਂ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ  67 ਸੀਟਾਂ ਹਾਸਲ ਹੋਈਆਂ ਸਨ। ਉਥੇ ਹੀ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਵਾਪਸੀ ਕੀਤੀ ਅਤੇ 49 ਲੱਖ 85 ਹਜ਼ਾਰ 541  (56.86%) ਵੋਟ ਹਾਸਲ ਕਰਦਿਆਂ ਲੋਕ ਸਭਾ ਦੀਆਂ ਸਾਰੀਆਂ 7 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।

ਇੱਥੇ ਹੀ ਬੱਸ ਨਹੀਂ, ਦਿੱਲੀ ਵਾਸੀ ਵੋਟਾਂ ਪਾਉਣ 'ਚ ਘੱਟ ਦਿਲਚਸਪੀ ਲੈਣ ਵਜੋਂ ਵੀ ਜਾਣੇ ਜਾਂਦੇ ਹਨ। ਦਿੱਲੀ ਵਿਚ 2019 ਦੀਆਂ ਲੋਕ ਸਭਾ ਚੋਣਾਂ ਵਿਚ 60.59% ਵੋਟਾਂ ਪੋਲ ਹੋਈਆਂ ਸਨ ਜਦਕਿ 2015 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 67.12 ਫ਼ੀਸਦੀ ਵੋਟਿੰਗ ਹੋਈ ਸੀ।

ਦੂਜੇ ਪਾਸੇ 2017 ਦੇ ਅੰਕੜਿਆਂ ਦੇ ਹਿਸਾਬ ਨਾਲ ਦਿੱਲੀ ਵਿਚ ਕਾਂਗਰਸ ਦੇ 7 ਲੱਖ ਮੈਂਬਰ ਹਨ। ਦਿੱਲੀ ਕਾਂਗਰਸ ਹਰ ਤਿੰਨ ਸਾਲ ਬਾਅਦ ਸੰਗਠਨ ਚੋਣਾਂ ਤੋਂ ਪਹਿਲਾਂ ਮੈਂਬਰੀ ਮੁਹਿੰਮ ਚਲਾਉਂਦੀ ਹੈ। ਉਸ ਵਿਚ ਪੁਰਾਣੇ ਮੈਂਬਰਾਂ ਦੀ ਵੀ ਫਿਰ ਤੋਂ ਮੈਂਬਰੀ ਪਰਚੀ ਕੱਟਣੀ ਹੁੰਦੀ ਹੈ।