ਜਾਣੋ ਕਿਉਂ 2 ਹਜ਼ਾਰ ਰੁਪਏ 'ਚ ਬੱਚਾ ਵੇਚਣ ਲਈ ਮਜਬੂਰ ਹੋਈ ਇਹ ਮਾਂ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਹੱਡ-ਚੀਰਵੀਂ ਠੰਢ ਦਾ ਕਹਿਰ ਜਾਰੀ ਹੈ, ਜਿਸ ਦੇ ਚਲਦਿਆਂ ਕਈ ਲੋਕਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

Photo

ਨਵੀਂ ਦਿੱਲੀ: ਭਾਰਤ ਵਿਚ ਹੱਡ-ਚੀਰਵੀਂ ਠੰਢ ਦਾ ਕਹਿਰ ਜਾਰੀ ਹੈ, ਜਿਸ ਦੇ ਚਲਦਿਆਂ ਕਈ ਲੋਕਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬੇਘਰ ਲੋਕਾਂ ਲਈ ਵੀ ਇਹ ਠੰਢ ਖਤਰਨਾਕ ਸਾਬਿਤ ਹੋ ਰਹੀ ਹੈ। ਇਸੇ ਕਾਰਨ ਹਰ ਕੋਈ ਅਪਣੇ ਬੱਚਿਆਂ ਨੂੰ ਇਸ ਕੜਾਕੇ ਦੀ ਠੰਢ ਤੋਂ ਬਚਾਉਣ ਲਈ ਕੋਈ ਨਾ ਕੋਈ ਤਰੀਕਾ ਲੱਭ ਰਿਹਾ ਹੈ।

ਪਰ ਝਾਰਖੰਡ ਦੇ ਜਮਸ਼ੇਦਪੁਰ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰੇਲਵੇ ਸਟੇਸ਼ਨ ‘ਤੇ ਇਕ ਔਰਤ ਨੇ ਮੰਗਲਵਾਰ ਨੂੰ ਦੋ ਹਜ਼ਾਰ ਰੁਪਏ ਵਿਚ ਅਪਣੇ ਦੋ ਮਹੀਨੇ ਦੇ ਬੱਚੇ ਨੂੰ ਵੇਚ ਦਿੱਤਾ ਹੈ। ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੀ ਉਸ ਔਰਤ ਨੇ ਦੱਸਿਆ ਕਿ ਜੇਕਰ ਉਹ ਅਪਣੇ ਬੱਚੇ ਨੂੰ ਨਹੀਂ ਵੇਚਦੀ ਤਾਂ ਉਹ ਭੁੱਖ ਅਤੇ ਠੰਢ ਨਾਲ ਮਰ ਜਾਂਦਾ।

ਟਾਟਾਨਗਰ ਸਟੇਸ਼ਨ ਤੋਂ ਬਾਹਰ ਚਾਈਬਾਸਾ ਸਟੈਂਡ ਦੇ ਕੋਲ ਚਾਹ ਅਤੇ ਪਾਨ ਦੀਆਂ ਦੁਕਾਨਾਂ ਲਗਾਉਣ ਵਾਲਿਆਂ ਵਿਚ ਇਹ ਘਟਨਾ ਚਰਚਾ ਦਾ ਵਿਸ਼ਾ ਰਹੀ। ਸਥਾਨਕ ਲੋਕਾਂ ਅਨੁਸਾਰ ਸਕੂਟਰ ‘ਤੇ ਤਿੰਨ ਲੋਕ ਆਏ। ਜਿਨ੍ਹਾਂ ਵਿਚ ਇਕ ਜਵਾਨ ਆਦਮੀ, ਇਕ ਜਵਾਨ ਔਰਤ ਅਤੇ ਇਕ ਬਜ਼ੁਰਗ ਔਰਤ ਸ਼ਾਮਲ ਸਨ।

ਰਿਜ਼ਰਵੇਸ਼ਨ ਸੈਂਟਰ ਦੇ ਪਿੱਛੇ ਪਹਿਲਾਂ ਤੋਂ ਬੈਠੀ ਇਕ ਔਰਤ ਨੂੰ ਬਜ਼ੁਰਗ ਔਰਤ ਨੇ ਬੈਗ ਵਿਚੋਂ ਸਵੈਟਰ ਕੱਢ ਕੇ ਦਿੱਤਾ। ਜਿਸ ਨੂੰ ਉਸ ਨੇ ਬੱਚੇ ਨੂੰ ਪਹਿਨਾ ਦਿੱਤਾ। ਬੱਚੇ ਦੀ ਮਾਂ ਦੇ ਹੱਥ ‘ਤੇ ਕੁਝ ਰੱਖਣ ਤੋਂ ਬਾਅਦ ਤਿੰਨੇ ਬੱਚੇ ਨੂੰ ਲੈ ਕੇ ਚਲੇ ਗਏ। ਉਸ ਔਰਤ ਕੋਲ ਕਰੀਬ ਤਿੰਨ ਸਾਲ ਦੀ ਇਕ ਬੱਚੀ ਵੀ ਹੈ।

ਦੋਵੇਂ ਮਾਵਾਂ-ਧੀਆਂ ਉੱਥੇ ਖੜ੍ਹੇ ਯਾਤਰੀਆਂ ਕੋਲੋ ਭੀਖ ਮੰਗ ਕੇ ਅਪਣਾ ਗੁਜ਼ਾਰਾ ਕਰਦੀਆਂ ਹਨ। ਬੱਚਾ ਵੇਚਣ ਦੀ ਸੂਚਨਾ ਮਿਲਣ ਤੋਂ ਬਾਅਦ ਰੇਲਵੇ ਕਰਮਚਾਰੀ ਉਸ ਔਰਤ ਕੋਲ ਪਹੁੰਚੇ ਅਤੇ ਉਸ ਕੋਲੋਂ ਪੁੱਛ-ਗਿੱਛ ਕੀਤੀ। ਉਸ ਨੇ ਦੱਸਿਆ ਕਿ ਜੇਕਰ ਉਹ ਅਪਣੇ ਬੱਚੇ ਨੂੰ ਨਹੀਂ ਵੇਚਦੀ ਤਾਂ ਉਹ ਠੰਢ ਵਿਚ ਮਰ ਜਾਂਦਾ।