‘ਜਦੋਂ ਤੱਕ ਕਾਨੂੰਨ ਵਾਪਸ ਨਹੀਂ, ਘਰ ਵਾਪਸੀ ਨਹੀਂ’: ਕਿਸਾਨ ਜਥੇਬੰਦੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ 44 ਦਿਨਾਂ ਤੋਂ ਜਾਰੀ ਕਿਸਾਨ ਅੰਦੋਲਨ ਨੂੰ ਖ਼ਤਮ ਕਰਾਉਣ ਦੇ ਲਈ ਕੇਂਦਰ ਸਰਕਾਰ...

Kissan Meeting

ਨਵੀਂ ਦਿੱਲੀ: ਪਿਛਲੇ 44 ਦਿਨਾਂ ਤੋਂ ਜਾਰੀ ਕਿਸਾਨ ਅੰਦੋਲਨ ਨੂੰ ਖ਼ਤਮ ਕਰਾਉਣ ਦੇ ਲਈ ਕੇਂਦਰ ਸਰਕਾਰ ਅਤੇ ਕਿਸਾਨ ਸੰਗਠਨਾਂ ‘ਚ ਅੱਠਵੇਂ ਦੌਰ ਦੀ ਗੱਲਬਾਤ ਅੱਜ ਫਿਰ ਸ਼ੁਰੂ ਹੋਈ ਹੈ। ਦੁਪਹਿਰ 2.30 ਵਜੇ ਸ਼ੁਰੂ ਹੋਈ ਬੈਠਕ ‘ਚ 40 ਕਿਸਾਨ ਨੇਤਾ ਭਾਗ ਲੈ ਰਹੇ ਹਨ। ਕੇਂਦਰ ਸਰਕਾਰ ਦੇ ਮੈਂਬਰ ਦੇ ਤੌਰ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਤੋਂ ਇਲਾਵਾ ਰੇਲ ਮੰਤਰੀ ਪਿਊਸ਼ ਗੋਇਲ ਅਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਇਸ ਬੈਠਕ ‘ਚ ਸ਼ਿਰਕਤ ਕਰ ਰਹੇ ਹਨ।

ਕਿਸਾਨਾਂ ਨੇ ਮੰਗਾਂ ਨਾ ਮੰਨਣ ‘ਤੇ ਗਣਤੰਤਰ ਦਿਵਸ (26 ਜਨਵਰੀ) ‘ਤੇ ਰਾਜਧਾਨੀ ‘ਚ ਟ੍ਰੈਕਟਰ ਰੈਲੀ ਕੱਢਣ ਦੀ ਧਮਕੀ ਦਿੱਤੀ ਹੈ। ਬੈਠਕ ਸ਼ੁਰੂ ਹੁੰਦੇ ਹੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉਹ ਪੂਰੇ ਦੇਸ਼ ਨੂੰ ਧਿਆਨ ਵਿਚ ਰੱਖ ਕੇ ਹੀ ਕੋਈ ਫ਼ੈਸਲਾ ਲੈਣਗੇ। ਇਸ ‘ਚ ਕਿਸਾਨ ਨੇਤਾਵਾਂ ਨੇ ਦੋ ਟੁੱਕ ਲਹਿਜੇ ‘ਚ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਉਹ ਘਰ ਵਾਪਸ ਨਹੀਂ ਜਾਣਗੇ।

ਭਾਰਤੀ ਕਿਸਾਨ ਯੂਨੀਅਨ (ਬੀਕੇਯੂ ਰਾਜੇਵਾਲ) ਗੁੱਟ ਦੇ ਨੇਤਾ ਬਲਵੀਰ ਸਿੰਘ ਰਾਜੇਵਾਲ ਨੇ ਤਿੰਨਾਂ ਨਵਾਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰ ਇਸ ਤਰ੍ਹਾਂ ਨਾਲ ਖੇਤੀਬਾੜੀ ਖੇਤਰ ‘ਚ ਦਖਲ ਨਹੀਂ ਦੇ ਸਕਦੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਰੁੱਖ ਤੋਂ ਲਗਦਾ ਹੈ ਕਿ ਉਹ ਇਸ ਵਿਵਾਦ ਨੂੰ ਸੁਲਝਾਉਣ ਦੇ ਲਈ ਤਿਆਰ ਨਹੀਂ ਹੈ।

ਇਸ ਤੋਂ ਪਹਿਲਾਂ ਦੋਨਾਂ ਪੱਖਾਂ ‘ਚ 4 ਜਨਵਰੀ ਨੂੰ ਆਖਰੀ ਬੈਠਕ ਹੋਈ ਸੀ। ਅੱਜ ਦੀ ਬੈਠਕ ਤੋਂ ਇਕ ਦਿਨ ਪਹਿਲਾਂ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ਦੇ ਨਾਲ ਅਭਿਆਸ ਦੇ ਤੌਰ ‘ਤੇ ਰੈਲੀ ਕੱਢੀ ਸੀ। ਹੁਣ 26 ਜਨਵਰੀ ਨੂੰ ਕਿਸਾਨ ਰਾਜਧਾਨੀ ਦਿੱਲੀ ‘ਚ ਟ੍ਰੈਕਟਰ ਰੈਲੀ ਕੱਢਣਗੇ। ਇਸਦਾ ਐਲਾਨ ਉਹ ਪਹਿਲਾਂ ਹੀ ਚੁੱਕੇ ਹਨ।