ਵੋਟ ਪਾਉਣ ਗਈਆਂ ਸ਼ਾਹੀਨ ਬਾਗ ਦੀਆਂ ਔਰਤਾਂ, ਸਿੱਖਾਂ ਨੇ ਸੰਭਾਲਿਆ ਮੋਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਏਏ ਅਤੇ ਐਨਆਰਸੀ ਵਿਰੁੱਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ

File Photo

ਨਵੀਂ ਦਿੱਲੀ : ਅੱਜ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਦੇ ਲਈ ਵੋਟਾਂ ਪੈ ਰਹੀਆਂ ਹਨ। ਸਵੇਰੇ 11 ਵਜੇ ਤੱਕ 7 ਫ਼ੀਸਦੀ ਮਤਦਾਨ ਹੋ ਚੁੱਕਿਆ ਹੈ। ਵੋਟਾਂ ਨੂੰ ਲੈ ਕੇ ਰਾਜਧਾਨੀ ਦੇ ਲੋਕਾਂ ਵਿਚ ਵੀ ਉਤਸ਼ਾਹ ਨਜ਼ਰ ਆ ਰਿਹਾ ਹੈ। ਲੋਕ ਵੋਟ ਪਾਉਣ ਲਈ ਲੰਬੀ-ਲੰਬੀ ਲਾਇਨਾਂ ਵਿਚ ਲੱਗ ਕੇ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਹਨ ਇਸੇ ਤਰ੍ਹਾਂ ਦਿੱਲੀ ਦੇ ਸ਼ਾਹੀਨ ਬਾਗ ਵਿਚ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਵੋਟ ਪਾਉਣ ਦੇ ਲਈ ਗਈਆਂ ਹੋਈਆਂ ਹਨ ਪਰ ਇਨ੍ਹਾਂ ਦੀ ਗੈਰ ਹਾਜ਼ਰੀ ਵਿਚ ਮੋਰਚਾ ਸਿੱਖਾਂ ਨੇ ਸੰਭਾਲਿਆ ਹੋਇਆ ਹੈ।

ਦਿੱਲੀ ਚੋਣ ਪ੍ਰਚਾਰ ਵਿਚ ਵੱਡਾ ਮੁੱਦਾ ਬਣੇ ਸ਼ਾਹੀਨ ਬਾਗ ਵਿਚ ਵੀ ਵੋਟਾਂ ਨੂੰ ਲੈ ਕੇ ਉਤਸ਼ਾਹ ਨਜ਼ਰ ਆ ਰਿਹਾ ਹੈ। ਪ੍ਰਦਰਸ਼ਨ ਦੇ ਨਾਲ-ਨਾਲ ਇੱਥੇ ਔਰਤਾਂ ਵੋਟ ਪਾਉਣ ਦੀ ਆਪਣੀ ਲੋਕਤੰਤਰਿਕ ਜਿੰਮਵਾਰੀ ਨਿਭਾ ਰਹੀਆਂ ਹਨ। ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਇੱਥੇ ਅੱਜ 20 ਤੋਂ 25 ਔਰਤਾ ਧਰਨੇ 'ਤੇ ਬੈਠੀਆਂ ਨਜ਼ਰ ਆ ਰਹੀਆਂ ਹਨ ਅਤੇ ਬਾਕੀ ਦੀਆਂ ਮਹਿਲਾਵਾਂ ਵੋਟ ਪਾਉਣ ਲਈ ਗਈਆਂ ਹਨ ਪਰ ਇਨ੍ਹਾਂ ਦੀ ਕਮੀ ਪੰਜਾਬ ਤੋਂ ਪਹੁੰਚੇ ਸਿੱਖਾਂ ਅਤੇ ਕਿਸਾਨ ਜੱਥੇਬੰਦੀਆਂ ਨੇ ਪੂਰੀ ਕੀਤੀ ਹੋਈ ਹੈ।

ਰਿਪੋਰਟਾ ਅਨੁਸਾਰ ਉੱਥੇ ਮੌਜੂਦ ਸਿੱਖਾਂ ਦਾ ਕਹਿਣਾ ਹੈ ਕਿ ਅੱਜ ਮੋਰਚਾ ਸੰਭਾਲਣ ਦੀ ਜਿੰਮੇਵਾਰੀ ਅਸੀ ਲਈ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਤੱਕ ਮਹਿਲਾਵਾਂ ਵੋਟ ਪਾ ਕੇ ਵਾਪਸ ਨਹੀਂ ਪਰਤਦੀਆਂ ਇੰਨੀ ਦੇਰ ਤੱਕ ਅਸੀ ਇੱਥੋਂ ਜਾਣ ਵਾਲੇ ਨਹੀਂ ਹਨ।ਸ਼ਾਹੀਨ ਬਾਗ ਸਥਿਤ ਔਖਲਾ ਮਾਡਰਨ ਪਬਲਿਕ ਸਕੂਲ ਸੈਂਟਰ ਵਿਚ ਸਵੇਰੇ 9 ਵਜੇ ਤੱਕ 4.33 ਪ੍ਰਤੀਸ਼ਤ ਮਤਦਾਨ ਹੋ ਚੁੱਕਿਆ ਹੈ। ਸ਼ਾਹੀਨ ਬਾਗ ਦੇ ਇਸ ਵਿਰੋਧ ਪ੍ਰਦਰਸ਼ਨ ਨੂੰ ਲਗਾਤਾਰ ਦੂਜੇ ਵਰਗ ਦੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ। ਹਿੰਦੂ, ਈਸਾਈ ਅਤੇ ਸਿੱਖ ਭਾਈਚਾਰੇ ਦੇ ਲੋਕ ਸ਼ਾਹੀਨ ਬਾਗ ਦੀਆਂ ਪ੍ਰਦਰਸ਼ਨਕਾਰੀ ਔਰਤਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਅੱਜ ਸ਼ਾਹੀਨ ਬਾਗ ਵਿਚ ਪ੍ਰਦਰਸ਼ਨ ਦਾ ਲਗਾਤਾਰ 55ਵਾਂ ਦਿਨ ਹੈ। ਮੁਸਲਿਮ ਔਰਤਾਂ ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੀਆਂ ਹਨ। ਇਨ੍ਹਾਂ ਦੀ ਮੰਗ ਨਾਗਰਿਕਤਾ ਸੋਧ ਕਾਨੂੰਨ ਨੂੰ ਵਾਪਸ ਲੈਣਾ ਅਤੇ ਐਨਆਰਸੀ ਨੂੰ ਲਾਗੂ ਨਾਂ ਕਰਨ ਦੀ ਹੈ। ਸ਼ਾਹੀਨ ਬਾਗ ਦਿੱਲੀ ਚੋਣ ਪ੍ਰਚਾਰ ਦੇ ਦੌਰਾਨ ਲਗਾਤਾਰ ਭਾਜਪਾ ਦੇ ਨਿਸ਼ਾਨੇ ਤੇ ਰਿਹਾ ਹੈ।

ਭਾਜਪਾ ਆਰੋਪ ਲਗਾਉਂਦੀ ਰਹੀ ਹੈ ਕਿ ਸ਼ਾਹੀਨ ਬਾਗ ਵਿਚ ਹੋ ਰਿਹਾ ਪ੍ਰਦਰਸ਼ਨ ਦੇਸ਼ ਵਿਰੋਧੀ ਹੈ ਅਤੇ ਔਰਤਾਂ ਨੂੰ ਪ੍ਰਦਰਸ਼ਨ ਦੇ ਲਈ ਪੈਸੇ ਦਿੱਤੇ ਜਾ ਰਹੇ ਹਨ ਉੱਥੇ ਹੀ ਕਾਂਗਰਸ ਦੀ ਕੁੱਝ ਲੀਡਰ ਇਸ ਪ੍ਰਦਰਸ਼ਨ ਨੂੰ ਆਪਣਾ ਸਹਿਯੋਗ ਦੇਣ ਲਈ ਪਹੁੰਚੇ ਸਨ।