ਬੁਰਕੇ ‘ਚ ਸ਼ਾਹੀਨ ਬਾਗ ਪਹੁੰਚਣ ਵਾਲੀ ਗੂੰਜਾ ਕਪੂਰ ਨੇ ਦਿੱਲੀ ਪੁਲਿਸ ਲਈ ਕੀਤਾ ਟਵੀਟ, ਪੜ੍ਹੋ ਕੀ ਕਿਹਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੁੱਧਵਾਰ ਨੂੰ ਸ਼ਾਹੀਨ ਬਾਗ਼ ਵਿਚ ਬੁਰਕੇ ‘ਚ ਮਿਲੀ ਹਿੰਦੂ ਔਰਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਿਆ ਹੋਇਆ ਹੈ।

Photo

ਨਵੀਂ ਦਿੱਲੀ: ਬੁੱਧਵਾਰ ਨੂੰ ਸ਼ਾਹੀਨ ਬਾਗ਼ ਵਿਚ ਬੁਰਕੇ ‘ਚ ਮਿਲੀ ਹਿੰਦੂ ਔਰਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਿਆ ਹੋਇਆ ਹੈ। ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦਾ ਵੀਡੀਓ ਬਣਾਉਣ ਤੋਂ ਬਾਅਦ ਰਾਜਨੀਤਕ ਵਿਸ਼ਲੇਸ਼ਕ ਅਤੇ ਯੂ-ਟਿਊਬਰ ਗੂੰਜਾ ਕਪੂਰ ਚਰਚਾ ਵਿਚ ਆ ਗਈ ਹੈ।

ਬੀਤੇ ਦਿਨ ਗੂੰਜਾ ਕਪੂਰ ਬੁਰਕਾ ਪਾ ਕੇ ਸ਼ਾਹੀਨ ਬਾਗ ਪਹੁੰਚੀ ਸੀ। ਪ੍ਰਦਰਸ਼ਨਕਾਰੀ ਔਰਤਾਂ ਨੇ ਸ਼ੱਕ ਹੋਣ ‘ਤੇ ਗੂੰਜਾ ਕਪੂਰ ਨੂੰ ਫੜ੍ਹ ਲਿਆ ਸੀ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਗੂੰਜਾ ਨੂੰ ਉੱਥੋਂ ਕੱਢਿਆ। ਇਹ ਘਟਨਾ 5 ਫਰਵਰੀ ਨੂੰ ਵਾਪਰੀ। ਘਟਨਾ ਤੋਂ ਬਾਅਦ ਗੂੰਜਾ ਕਪੂਰ ਨੇ ਅਪਣੇ ਟਵਿਟਰ ਹੈਂਡਲ ਤੋਂ ਟਵੀਟ ਕਰਕੇ ਦਿੱਲੀ ਪੁਲਿਸ ਦਾ ਧੰਨਵਾਦ ਕੀਤਾ।

ਗੂੰਜਾ ਕਪੂਰ ਨੇ ਟਵੀਟ ਕਰ ਕੇ ਲਿਖਿਆ ਹੈ, ‘ਤੁਹਾਡੇ ਸਭ ਦੇ ਸਹਿਯੋਗ ਅਤੇ ਪ੍ਰਾਥਨਾਵਾਂ ਦੀ ਸ਼ਕਤੀ ਨਾਲ ਬਹੁਤ ਤਾਕਤ ਮਿਲੀ। ਦਿੱਲੀ ਪੁਲਿਸ ਦਾ ਧੰਨਵਾਦ। ਮੈਂ ਬਿਲਕੁਲ ਸੁਰੱਖਿਅਤ ਹਾਂ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਟਵਿਟਰ ‘ਤੇ ਗੂੰਜਾ ਕਪੂਰ ਨੂੰ ਫੋਲੋ ਕਰਦੇ ਹਨ। ਟਵਿਟਰ ‘ਤੇ ਗੂੰਜਾ ਕਪੂਰ ਦੇ 22 ਹਜ਼ਾਰ ਫੋਲੋਅਰ ਹਨ। ਫੇਸਬੁੱਕ ‘ਤੇ ਉਹਨਾਂ ਨੂੰ 2000 ਤੋਂ ਜ਼ਿਆਦਾ ਲੋਕ ਫੋਲੋ ਕਰਦੇ ਹਨ।

ਗੂੰਜਾ ਕਪੂਰ ਸੋਸ਼ਲ ਮੀਡੀਆ ‘ਤੇ ਸੱਜੇਪੱਖੀ ਵਿਚਾਰਧਾਰਾ ਰੱਖਣ ਵਾਲੀ ਯੂਜ਼ਰ ਦੇ ਤੌਰ ‘ਤੇ ਜਾਣੀ ਜਾਂਦੀ ਹੈ। ਗੂੰਜਾ ਕਪੂਰ ਮੂਲ ਤੌਰ ‘ਤੇ ਲਖਨਊ ਦੀ ਰਹਿਣ ਵਾਲੀ ਹੈ। ਉਸ ਨੇ ਲਖਨਊ ਦੇ ਹੀ ਲਾ ਮਾਰਟੀਨੀਅਰ ਸਕੂਲ ਤੋਂ ਅਪਣੀ ਪੜ੍ਹਾਈ ਪੂਰੀ ਕੀਤੀ ਹੈ। ਯੂ-ਟਿਊਬ ਵਿਚ ਉਹਨਾਂ ਦੇ ਚੈਨਲ ਦੇ 5000 ਦੋਸਤ ਹਨ। ਗੂੰਜਾ ਕਪੂਰ 'ਰਾਈਟ ਨੈਰੇਟਿਵ' ਨਾਂ ਨਾਲ ਇਕ ਯੂ-ਟਿਊਬ ਚੈਨਲ ਚਲਾਉਂਦੀ ਹੈ।

ਅਪਣੇ ਇਸ ਚੈਨਲ 'ਤੇ ਉਸ ਨੇ ਕੱਲ੍ਹ ਸ਼ਾਹੀਨ ਬਾਗ਼ 'ਤੇ ਇਕ ਵੀਡੀਉ ਚਲਾਈ ਸੀ ਜਿਸ ਵਿਚ ਉਸ ਨੇ ਸ਼ਾਹੀਨ ਬਾਗ਼ ਵਿਰੋਧ ਪ੍ਰਦਰਸ਼ਨ ਵਿਚ ਆਉਣ ਵਾਲੀ ਇਕ ਔਰਤ ਦੇ ਬੱਚੇ ਦੀ ਮੌਤ ਦੀ ਪੂਰੀ ਵੀਡੀਉ ਬਣਾਈ ਸੀ। ਪ੍ਰਦਰਸ਼ਨ ਕਰਦੇ ਸਮੇਂ ਠੰਢ ਲੱਗਣ ਕਾਰਨ ਮਾਸੂਮ ਬੱਚੇ ਦੀ ਮੌਤ ਨੂੰ ਮਾਂ ਦੀ ਲਾਪਰਵਾਹੀ ਦਸਿਆ ਹੈ। ਉਸ ਦੀ ਇਸ ਵੀਡੀਉ ਨੂੰ ਸੋਸ਼ਲ ਮੀਡੀਆ 'ਤੇ ਵੱਡਾ ਹੁੰਗਾਰਾ ਮਿਲਿਆ ਹੈ।

ਦਸ ਦਈਏ ਕਿ ਦਿੱਲੀ ਦੇ ਸ਼ਾਹੀਨ ਬਾਗ਼ ਵਿਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਲੰਬੇ ਸਮੇਂ ਤੋਂ ਧਰਨਾ-ਪ੍ਰਦਰਸ਼ਨ ਚਲ ਰਿਹਾ ਹੈ। ਬੁੱਧਵਾਰ ਨੂੰ ਧਰਨੇ ਵਾਲੇ ਸਥਾਨ ਤੇ ਇਕ ਸ਼ੱਕੀ ਔਰਤ ਬੁਰਕੇ ਵਿਚ ਵੀਡੀਉ ਬਣਾ ਰਹੀ ਸੀ ਉਦੋਂ ਉੱਥੇ ਔਰਤਾਂ ਨੇ ਉਸ ਨੂੰ ਫੜ ਲਿਆ। ਬੁਰਕੇ ਵਿਚ ਬੈਠੀ ਔਰਤ ਪ੍ਰਦਰਸ਼ਨਕਾਰੀ ਔਰਤਾਂ ਵਿਚ ਬੈਠ ਕੇ ਉਹਨਾਂ ਤੋਂ ਸਵਾਲ ਕਰ ਰਹੀ ਸੀ। ਉਦੋਂ ਹੀ ਪ੍ਰਦਰਸ਼ਨਕਾਰੀ ਔਰਤਾਂ ਨੂੰ ਉਸ ਤੇ ਸ਼ੱਕ ਹੋਇਆ ਅਤੇ ਉਹਨਾਂ ਦੀ ਤਲਾਸ਼ੀ ਲਈ ਗਈ।

ਤਲਾਸ਼ੀ ਵਿਚ ਉਸ ਕੋਲੋਂ ਕੈਮਰਾ ਮਿਲਿਆ ਤੇ ਫਿਰ ਹੰਗਾਮਾ ਹੋ ਗਿਆ। ਸੋਸ਼ਲ ਮੀਡੀਆ ਤੇ ਗੁੰਜਾ ਕਪੂਰ ਨੇ ਅਪਣੇ ਬਾਰੇ ਜੋ ਜਾਣਕਾਰੀ ਦਿੱਤੀ ਹੈ ਉਸ ਅਨੁਸਾਰ ਉਹ ਇਕ ਯੂਟਿਊਬ ਚੈਨਲ ਵਿਚ ਕਿਊਰੇਟਰ ਹਨ। ਇਸ ਤੋਂ ਇਲਾਵਾ ਉਹ ਇਕ ਮਾਹਿਰ ਲੇਖਕ ਹੈ ਅਤੇ ਉਸ ਨੂੰ ਉੜੀਆ ਤੇ ਮਰਾਠੀ ਭਾਸ਼ਾ ਦਾ ਵੀ ਗਿਆਨ ਹੈ। ਫਿਲਹਾਲ ਸੋਸ਼ਲ ਮੀਡੀਆ ਤੇ ਉਹਨਾਂ ਦੇ ਨਾਮ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ।