ਕੀ ਵਾਕਈ 'ਫੇਕੂ' ਹੋ ਗਏ ਹਨ ਪੀਐਮ ਮੋਦੀ?

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਹੱਬਤ ਅਤੇ ਜੰਗ ਵਿਚ ਸਭ ਕੁੱਝ ਜਾਇਜ਼ ਹੁੰਦਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾ ਤਾਂ ਕਿਸੇ ਨਾਲ ਮੁਹੱਬਤ ਹੋਈ ਹੈ ਅਤੇ ਨਾ ਹੀ ਦੇਸ਼ ਵਿਚ ਕੋਈ ਜੰਗ ਲੱਗੀ ਹੋਈ ਹੈ

Photo

ਚੰਡੀਗੜ੍ਹ: ਇਕ ਕਹਾਵਤ ਤਾਂ ਤੁਸੀਂ ਸੁਣੀ ਹੋਵੇਗੀ ਕਿ ਮੁਹੱਬਤ ਅਤੇ ਜੰਗ ਵਿਚ ਸਭ ਕੁੱਝ ਜਾਇਜ਼ ਹੁੰਦਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾ ਤਾਂ ਕਿਸੇ ਨਾਲ ਮੁਹੱਬਤ ਹੋਈ ਹੈ ਅਤੇ ਨਾ ਹੀ ਦੇਸ਼ ਵਿਚ ਕੋਈ ਜੰਗ ਲੱਗੀ ਹੋਈ ਹੈ ਕਿ ਉਨ੍ਹਾਂ ਦੇ ਉਮਰ ਅਬਦੁੱਲਾ 'ਤੇ ਦਿੱਤੇ ਗਏ ਇਕ ਝੂਠੇ ਬਿਆਨ ਨੂੰ ਸਹੀ ਠਹਿਰਾਇਆ ਜਾ ਸਕੇ।

ਜੋ ਪੀਐਮ ਮੋਦੀ ਵੱਲੋਂ ਇਕ ਫੇਕ ਨਿਊਜ਼ ਲਗਾਉਣ ਵਾਲੀ ਵੈਬਸਾਈਟ ਤੋਂ ਉਠਾ ਕੇ ਸੰਸਦ ਵਿਚ ਦਿੱਤਾ ਗਿਆ ਹੈ। ਇਹ ਬਹੁਤ ਸੀਰੀਅਸ ਮੁੱਦਾ ਏ ਕਿ ਪ੍ਰਧਾਨ ਮੰਤਰੀ ਦੇ ਭਾਸ਼ਣ ਵਿਚ ਫੇਕਿੰਗ ਨਿਊੁਜ਼ ਵੈਬਸਾਈਟ ਦੀ ਗੱਲ ਕਿਵੇਂ ਆ ਗਈ।  ਹੈਰਾਨੀ ਦੀ ਗੱਲ ਇਹ ਵੀ ਹੈ ਕਿ ਮੋਦੀ ਵੱਲੋਂ ਦਿੱਤੇ ਗਏ ਇਸ ਬਿਆਨ ਨੂੰ 36 ਘੰਟੇ ਦਾ ਸਮਾਂ ਬੀਤ ਗਿਆ ਪਰ ਅਜੇ ਤਕ ਪ੍ਰਧਾਨ ਮੰਤਰੀ ਨੇ ਅਪਣੇ ਉਸ ਬਿਆਨ ਵਿਚ ਸੋਧ ਨਹੀਂ ਕੀਤੀ ਜੋ ਉਮਰ ਅਬਦੁੱਲਾ ਨੇ ਕਦੇ ਦਿੱਤਾ ਹੀ ਨਹੀਂ ਸੀ।

ਦਰਅਸਲ ਉਮਰ ਦੇ ਜਿਸ ਬਿਆਨ ਦਾ ਜ਼ਿਕਰ ਪੀਐਮ ਵੱਲੋਂ ਕੀਤਾ ਗਿਆ, ਉਹ 6 ਸਾਲਾ ਪੁਰਾਣਾ ਹੈ ਅਤੇ ਹਾਸਾ ਮਜ਼ਾਕ ਕਰਨ ਵਾਲੀ ਵੈਬਸਾਈਟ ਫੇਕਿੰਗ ਨਿਊਜ਼ ਤੋਂ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਅਭਿਭਾਸ਼ਣ 'ਤੇ ਜਵਾਬ ਦਿੰਦੇ ਹੋਏ ਮਹਿਬੂਬਾ ਮੁਫ਼ਤੀ, ਉਮਰ ਅਬਦੁੱਲਾ ਅਤੇ ਫਾਰੂਕ ਅਬਦੁੱਲਾ ਦੀ ਗ੍ਰਿਫ਼ਤਾਰੀ ਦੇ ਕਾਰਨਾਂ ਦਾ ਜ਼ਿਕਰ ਕੀਤਾ।

ਸਭ ਤੋਂ ਪਹਿਲਾਂ ਆਲਟ ਨਿਊਜ਼ ਨੇ ਪੀਐਮ ਮੋਦੀ ਦੇ ਇਸ ਬਿਆਨ ਸੱਚ ਸਾਹਮਣੇ ਲਿਆਂਦਾ। ਆਲਟ ਨਿਊਜ਼ ਮੁਤਾਬਕ ਉਮਰ ਅਬਦੁੱਲਾ ਨੇ ਤਾਂ ਕਦੇ ਅਜਿਹਾ ਬਿਆਨ ਹੀ ਨਹੀਂ ਦਿੱਤਾ, ਜਿਸ ਦਾ ਜ਼ਿਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੇ ਇਸ ਬਿਆਨ ਵਿਚ ਕਰ ਰਹੇ ਹਨ। ਆਲਟ ਨਿਊਜ਼ ਮੁਤਾਬਕ ਇਹ ਬਿਆਨ ਫੇਕਿੰਗ ਨਿਊਜ਼ ਦੀ ਵੈਬਸਾਈਟ 'ਤੇ 28 ਮਈ 2014 ਨੂੰ ਛਪਿਆ ਸੀ।

ਦਰਅਸਲ ਹੋਇਆ ਇੰਝ ਕਿ 27 ਮਈ 2014 ਨੂੰ ਉਮਰ ਅਬਦੁੱਲਾ ਨੇ ਟਵੀਟ ਕੀਤਾ ਸੀ ਕਿ ਜੇਕਰ ਧਾਰਾ 370 ਹਟਾਈ ਗਈ ਤਾਂ ਜੰਮੂ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਰਹੇਗਾ। ਉਸ ਦੇ ਅਗਲੇ ਹੀ ਦਿਨ ਫੇਕਿੰਗ ਨਿਊਜ਼ ਨੇ ਚੁਟਕੀ ਲੈਂਦਿਆਂ ਉਮਰ ਦੇ ਇਸ ਬਿਆਨ ਵਿਚ ਭੂਚਾਲ ਸ਼ਬਦ ਜੋੜ ਦਿੱਤਾ। ਰਹਿੰਦੀ ਖੂੰਹਦੀ ਕਸਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਢ ਦਿੱਤੀ ਜਦੋਂ ਉਨ੍ਹਾਂ ਨੇ ਉਮਰ ਅਬਦੁੱਲਾ 'ਤੇ ਨਿਸ਼ਾਨਾ ਸਾਧਣ ਲਈ ਫੇਕਿੰਗ ਨਿਊਜ਼ ਦੀ ਇਸ ਖ਼ਬਰ ਨੂੰ ਲੋਕ ਸਭਾ ਵਿਚ ਬੋਲ ਦਿੱਤਾ।

ਕਾਇਦੇ ਮੁਤਾਬਕ ਪੀਐਮ ਵੱਲੋਂ ਬਿਆਨ ਗ਼ਲਤ ਹੋਣ 'ਤੇ ਇਸ 'ਤੇ ਤੁਰੰਤ ਜਵਾਬ ਦੇਣਾ ਬਣਦਾ ਸੀ ਪਰ ਅਫ਼ਸੋਸ ਕਿ ਪੀਐਮ ਵੱਲੋਂ ਇਸ 'ਤੇ ਅਜੇ ਤਕ ਕੋਈ ਸਫ਼ਾਈ ਨਹੀਂ ਦਿੱਤੀ ਗਈ। ਹੈਰਾਨੀ ਇਸ ਗੱਲ ਵੀ ਹੁੰਦੀ ਹੈ ਕਿ ਆਖ਼ਰ ਪੀਐਮ ਨੂੰ 6 ਸਾਲ ਬਾਅਦ ਹੀ ਉਮਰ ਅਬਦੁੱਲਾ ਨੂੰ ਜੇਲ੍ਹ ਵਿਚ ਬੰਦ ਕਰਨ ਦਾ ਖ਼ਿਆਲ ਕਿਉਂ ਆਇਆ? ਜਦਕਿ ਅਪਣੇ ਇਸ ਬਿਆਨ ਮਗਰੋਂ ਉਮਰ ਅਬਦੁੱਲਾ ਅਤੇ ਉਨ੍ਹਾਂ ਦੇ ਪਿਤਾ ਫਾਰੂਕ ਅਬਦੁੱਲਾ ਪੀਐਮ ਮੋਦੀ ਨਾਲ ਮੁਲਾਕਾਤ ਕਰ ਚੁੱਕੇ ਹਨ।

ਜੇਕਰ ਉਮਰ ਦਾ ਇਹ ਬਿਆਨ ਵਾਕਈ ਬਹੁਤ ਖ਼ਤਰਨਾਕ ਸੀ ਤਾਂ ਉਦੋਂ ਕਿਉਂ ਨਹੀਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਨਾਲੇ ਪੀਐਮ ਮੋਦੀ ਕੋਲ ਵਧੀਆ ਮੌਕਾ ਸੀ।ਦਰਅਸਲ 5 ਅਗਸਤ 2019 ਨੂੰ ਜਦੋਂ ਧਾਰਾ 370 ਹਟਾਈ ਗਈ ਸੀ ਤਾਂ ਉਮਰ ਅਬਦੁੱਲਾ ਨੇ ਦੋ ਟਵੀਟ ਕੀਤੇ ਸਨ। ਇਸ ਟਵੀਟ ਵਿਚ ਉਮਰ ਨੇ ਅਜਿਹੀ ਕੋਈ ਗੱਲ ਨਹੀਂ ਆਖੀ ਸੀ ਜਿਸ ਨਾਲ ਸ਼ਾਂਤੀ ਵਿਵਸਥਾ ਨੂੰ ਖ਼ਤਰਾ ਪਹੁੰਚਣ ਦਾ ਸ਼ੱਕ ਹੋਵੇ।

ਅੰਗਰੇਜ਼ੀ ਵਿਚ ਕੀਤੇ ਗਏ ਇਸ ਟਵੀਟ ਵਿਚ ਉਮਰ ਨੇ ਕਿਹਾ ਸੀ ਕਿ ਮੇਰਾ ਧਿਆਨ ਕਸ਼ਮੀਰ 'ਤੇ ਹੀ ਰਿਹਾ ਹੈ ਪਰ ਕਾਰਗਿਲ, ਲੱਦਾਖ ਅਤੇ ਜੰਮੂ ਲਈ ਕੁੱਝ ਕਹਿਣਾ ਚਾਹੁੰਦਾ ਹਾਂ। ਮੈਨੂੰ ਪਤਾ ਨਹੀਂ ਕਿ ਰਾਜ ਵਿਚ ਕੀ ਹੋਣ ਵਾਲਾ ਹੈ। ਚੰਗਾ ਤਾਂ ਨਹੀਂ ਲੱਗ ਰਿਹਾ, ਮੈਨੂੰ ਪਤਾ ਹੈ ਕਿ ਤੁਹਾਡੇ ਵਿਚੋਂ ਕਈ ਨਾਰਾਜ਼ ਹੋਣਗੇ ਪਰ ਕਾਨੂੰਨ ਅਪਣੇ ਹੱਥ ਵਿਚ ਨਾ ਲਓ। ਸ਼ਾਂਤ ਰਹੋ।

ਦੂਜੇ ਟਵੀਟ ਵਿਚ ਉਮਰ ਨੇ ਲਿਖਿਆ ਸੀ ''ਹਿੰਸਾ ਨਾਲ ਤੁਸੀਂ ਉਨ੍ਹਾਂ ਦੇ ਹੀ ਹੱਥਾਂ ਵਿਚ ਖੇਡੋਗੇ ਜੋ ਰਾਜ ਦੇ ਹਿੱਤ ਦੀ ਨਹੀਂ ਸੋਚਦੇ। ਇਹ ਉਹ ਭਾਰਤ ਨਹੀਂ ਹੈ, ਜਿਸ ਵਿਚ ਜੰਮੂ ਕਸ਼ਮੀਰ ਸ਼ਾਮਲ ਨਹੀਂ ਹੋਇਆ ਸੀ ਪਰ ਮੈਂ ਇੰਨੀ ਜਲਦੀ ਉਮੀਦ ਨਹੀਂ ਛੱਡਣ ਵਾਲਾ। ਅਜੇ ਸ਼ਾਂਤੀ ਬਣੀ ਰਹਿਣ ਦਿਓ, ਪ੍ਰਮਾਤਮਾ ਤੁਹਾਡੇ ਨਾਲ ਹੈ।'

ਹੈਰਾਨੀ ਇਸ ਗੱਲ ਦੀ ਵੀ ਹੈ ਕਿ ਜਿਸ ਵੈਬਸਾਈਟ ਤੋਂ ਪੀਐਮ ਮੋਦੀ ਨੇ ਇਹ ਬਿਆਨ ਲੈ ਕੇ ਲੋਕ ਸਭਾ ਵਿਚ ਬੋਲਿਆ ਹੈ, ਉਸ 'ਤੇ ਲਿਖਿਆ ਹੋਇਆ ਹੈ ਕਿ ਇਸ ਖ਼ਬਰ ਨੂੰ ਲਿਖਣ ਵਾਲੇ 'ਇਡੀਅਟ 420' ਹਨ। ਪੀਐਮ ਮੋਦੀ ਦੇ ਬਿਨਾਂ ਸੋਚੇ ਸਮਝੇ ਦਿੱਤੇ ਗਏ ਇਸ ਬਿਆਨ ਤੋਂ ਉਨ੍ਹਾਂ ਦੀ ਸਖ਼ਸ਼ੀਅਤ ਦਾ ਅੰਦਾਜ਼ਾ ਸਾਫ਼ ਤੌਰ 'ਤੇ ਲਗਾਇਆ ਜਾ ਸਕਦਾ ਹੈ ਕਿ ਉਹ ਅਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੁੱਝ ਵੀ ਬੋਲ ਸਕਦੇ ਹਨ, ਕੁੱਝ ਵੀ।

ਹੁਣ ਜਦੋਂ ਮਾਮਲਾ ਜ਼ਿਆਦਾ ਵਧ ਗਿਆ ਹੈ ਤਾਂ ਲੋਕ ਸਭਾ ਦੇ ਰਿਕਾਰਡ ਵਿਚੋਂ ਪੀਐਮ ਮੋਦੀ ਦੇ ਬਿਆਨ ਦਾ ਉਹ ਹਿੱਸਾ ਹਟਾ ਦਿੱਤਾ ਗਿਆ, ਜਿਸ ਵਿਚ ਪੀਐਮ ਮੋਦੀ ਨੇ ਉਮਰ 'ਤੇ ਨਿਸ਼ਾਨਾ ਸਾਧਣ ਲਈ ਇਕ ਝੂਠੀ ਅਤੇ ਫੇਕ ਖ਼ਬਰ ਦਾ ਸਹਾਰਾ ਲਿਆ।