ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਪੰਜ ਨਕਸਲੀ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਸੀ ਕਿ 15 ਨਕਸਲੀ ਜੰਗਲ ਵਿਚ ਲੁਕੇ ਹੋਏ ਹਨ

Five Maoists Killed in Encounter with Security Forces in Odisha

ਭੁਵਨੇਸ਼ਵਰ : ਓਡੀਸ਼ਾ ਦੇ ਕੋਰਾਪੁਟ ਜ਼ਿਲ੍ਹੇ ਵਿਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਤਿੰਨ ਔਰਤਾਂ ਸਮੇਤ ਲਗਭਗ ਪੰਜ ਨਕਸਲੀਆਂ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਪਾਦੂਆ ਥਾਣੇ ਤਹਿਤ ਆਉਂਦੇ ਜੰਗਲਾਂ ਵਿਚ ਇਹ ਮੁਕਾਬਲਾ ਹੋਇਆ। ਨਕਸਲੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾ ਦਿਤੀਆਂ ਜਿਸ 'ਤੇ ਉਨ੍ਹਾਂ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀਆਂ ਚਲਾਈਆਂ ਜਿਸ ਕਾਰਨ ਪੰਜ ਨਸਕਲੀ ਢੇਰ ਹੋ ਗਏ।

ਮਾਰੇ ਗਏ ਨਕਸਲੀਆਂ ਵਿਚ ਤਿੰਨ ਔਰਤਾਂ ਵੀ ਸ਼ਾਮਲ ਹਨ। ਸੁਰੱਖਿਆ ਮੁਲਾਜ਼ਮਾਂ ਨੇ ਮੌਕੇ ਤੋਂ ਪੰਜ ਬੰਦੂਕਾਂ ਵੀ ਬਰਾਮਦ ਕੀਤੀਆਂ ਹਨ। ਅਧਿਕਾਰੀਆਂ ਨੇ ਦਸਿਆ ਕਿ ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਸੀ ਕਿ 15 ਨਕਸਲੀ ਜੰਗਲ ਵਿਚ ਲੁਕੇ ਹੋਏ ਹਨ ਜਿਸ ਤੋਂ ਬਾਅਦ ਇਨ੍ਹਾਂ ਦੀ ਭਾਲ ਵਿਚ ਮੁਹਿੰਮ ਸ਼ੁਰੂ ਕੀਤੀ ਗਈ ਸੀ। 

ਦੰਤੇਵਾੜਾ ਵਿਚ ਵੀ ਦੋ ਨਕਸਲੀ ਮਾਰੇ ਗਏ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਦੰਤੇਵਾੜਾ ਜ਼ਿਲ੍ਹੇ ਵਿਚ ਅੱਜ ਪੁਲਿਸ ਨਾਲ ਹੋਏ ਇਕ ਮੁਕਾਬਲੇ ਵਿਚ ਦੋ ਨਕਸਲੀ ਮਾਰੇ ਗਏ। ਪੁਲਿਸ ਨੇ ਮੌਕੇ ਤੋਂ ਇਕ ਮਹਿਲਾ ਨਕਸਲੀ ਦੀ ਲਾਸ਼ ਅਤੇ ਕੁੱਝ ਹਥਿਆਰ ਬਰਾਮਦ ਕੀਤੇ ਹਨ ਜਦਕਿ ਇਕ ਲਾਸ਼ ਨੂੰ ਨਕਸਲੀ ਅਪਣੇ ਨਾਲ ਹੀ ਲੈ ਗਏ।  ਪੁਲਿਸ ਦੀ ਇਕ ਸੀਨੀਅਰ ਅਧਿਕਾਰੀ ਸੁੰਦਰਰਾਜ ਨੇ ਦਸਿਆ ਕਿ ਜ਼ਿਲ੍ਹੇ ਦੇ ਅਰਨਪੁਰ ਇਲਾਕੇ ਵਿਚ ਪੈਂਦੇ ਗੋਦੇਰਸ ਪਿੰਡ ਦੇ ਜੰਗਲ ਵਿਚ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਦੋ ਨਕਸਲੀ ਢੇਰ ਹੋ ਗਏ।

ਉਨ੍ਹਾਂ ਦਸਿਆ ਕਿ ਜਦ ਪੁਲਿਸ ਜੰਗਲ ਵਿਚ ਪੁੱਜੀ ਤਾਂ ਨਕਸਲੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿਤੀ ਜਿਸ ਦੇ ਜਵਾਬ ਵਿਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ। ਕੁੱਝ ਦੇਰ ਗੋਲੀਬਾਰੀ ਕਰਨ ਤੋਂ ਬਾਅਦ ਨਕਸਲੀ ਉਥੋਂ ਭੱਜ ਗਏ ਅਤੇ ਜਦ ਪੁਲਿਸ ਨੇ ਘਟਨਾ ਵਾਲੀ ਥਾਂ ਦੀ ਤਲਾਸ਼ੀ ਲਈ ਤਾਂ ਉਥੇ ਇਕ ਮਹਿਲਾ ਨਕਸਲੀ ਦੀ ਲਾਸ਼ ਅਤੇ ਕੁੱਝ ਹਥਿਆਰ ਬਰਾਮਦ ਹੋਏ।