ਰਾਜੀਵ ਗਾਂਧੀ ਬਾਰੇ ਮੋਦੀ ਦੀ ਟਿੱਪਣੀ ਤੋਂ ਖਫਾ ਵਿਅਕਤੀ ਨੇ ਚੋਣ ਕਮਿਸ਼ਨ ਨੂੰ ਖੂਨ ਨਾਲ ਲਿਖੀ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਲੈ ਕੇ ਪੀਐਮ ਮੋਦੀ ਦੀ ਟਿੱਪਣੀ ‘ਤੇ ਅਮੇਠੀ ਦੇ ਇਕ ਨੌਜਵਾਨ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ।

Rajiv Gandhi

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਲੈ ਕੇ ਪੀਐਮ ਮੋਦੀ ਦੀ ਟਿੱਪਣੀ ‘ਤੇ ਅਮੇਠੀ ਦੇ ਇਕ ਨੌਜਵਾਨ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਨੌਜਵਾਨ ਨੇ ਜੋ ਚਿੱਠੀ ਲਿਖੀ ਹੈ ਉਹ ਖੂਨ ਨਾਲ ਲਿਖੀ ਗਈ ਹੈ। ਅਮੇਠੀ ਦੇ ਮਨੋਜ ਕਸ਼ਿਅਪ ਨਾਮਕ ਨੌਜਵਾਨ ਵੱਲੋਂ ਚੋਣ ਕਮਿਸ਼ਨ ਨੂੰ ਭੇਜੀ ਇਸ ਚਿੱਠੀ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਰੋਕਣ ਲਈ ਆਦੇਸ਼ ਦੇਣ ਦੀ ਮੰਗ ਕੀਤੀ ਗਈ ਹੈ।

ਅਮੇਠੀ ਦੇ ਸ਼ਾਹਗੜ੍ਹ ਨਿਵਾਸੀ ਮਨੋਜ ਕਸ਼ਿਅਪ ਨੇ ਖੂਨ ਨਾਲ ਲਿਖੀ ਚਿੱਠੀ ਵਿਚ ਮੰਗ ਕੀਤੀ ਹੈ ਕਿ ਕਮਿਸ਼ਨ ਮੋਦੀ ਨੂੰ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਰੋਕੇ ਤਾਂ ਜੋ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਉਹਨਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਲੈ ਕੇ ਪੀਐਮ ਮੋਦੀ ਦੀ ਟਿੱਪਣੀ ਨਾਲ ਉਹਨਾਂ ਨੂੰ ਬਹੁਤ ਦੁੱਖ ਹੋਇਆ ਹੈ। ਉਹਨਾਂ ਨੇ ਲਿਖਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸਾਨੂੰ 18 ਸਾਲ ਦੀ ਉਮਰ ਵਿਚ ਵੋਟ ਪਾਉਣ ਦਾ ਅਧਿਕਾਰ ਦਿੱਤਾ, ਪੰਚਾਇਤੀ ਰਾਜ ਵਿਵਸਥਾ ਲਾਗੂ ਕੀਤੀ।

ਇਸ ਚਿੱਠੀ ਵਿਚ ਮਨੋਜ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੇ ਇਕ ਆਰਟੀਕਲ ਵਿਚ ਰਾਜੀਵ ਗਾਂਧੀ ਦੀ ਤਾਰੀਫ ਕੀਤੀ ਹੈ। ਉਹਨਾਂ ਕਿਹਾ ਕਿ ਰਾਜੀਵ ਗਾਂਧੀ ਅਮੇਠੀ ਦੇ ਨਾਲ ਨਾਲ ਦੇਸ਼  ਦੇ ਲੋਕਾਂ ਦੇ ਦਿਲ ਵਿਚ ਵਸਦੇ ਹਨ। ਉਹਨਾਂ ਮੰਗ ਕੀਤੀ ਕਿ ਸਾਬਕਾ ਪੀਐਮ ਨੂੰ ਲੈ ਕੇ ਅਜਿਹੀ ਟਿੱਪਣੀ ਨਾ ਕਰਨ ਲਈ ਹਦਾਇਤਾਂ ਮਿਲਣੀਆ ਚਾਹੀਦੀਆਂ ਹਨ।

 


 

ਇਸ ਪੱਤਰ ਨੂੰ ਕਾਂਗਰਸ ਦੇ ਦੀਪਕ ਸਿੰਘ ਨੇ ਅਪਣੇ ਟਵਿਟਰ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਦੱਸ ਦਈਏ ਕਿ ਪੀਐਮ ਮੋਦੀ ਨੇ ਰਾਜੀਵ ਗਾਂਧੀ ਦਾ ਨਾਂਅ ਲਏ ਬਗੈਰ ਰਾਹੁਲ ਗਾਂਧੀ ਨੂੰ ਕਿਹਾ ਸੀ ਕਿ ਉਹਨਾਂ ਦੇ ਪਿਤਾ ਜੀ ਨੂੰ ਉਹਨਾਂ ਦੇ ਰਾਜ ਦਰਬਾਰੀਆਂ ਨੇ ‘ਮਿਸਟਰ ਕਲੀਨ’ ਬਣਾ ਦਿੱਤਾ ਸੀ ਪਰ ਦੇਖਦੇ ਹੀ ਦੇਖਦੇ ਭ੍ਰਿਸ਼ਟਾਚਾਰੀ ਨੰਬਰ ਵਨ ਦੇ ਰੂਪ ਵਿਚ ਉਹਨਾਂ ਦਾ ਜੀਵਨਕਾਲ ਸਮਾਪਤ ਹੋ ਗਿਆ। ਇਸ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਵੀ ਪੀਐਮ ਮੋਦੀ ਨੂੰ ਜਵਾਬ ਦਿੱਤਾ ਸੀ।