ਕਠੂਆ ਕਾਂਡ : ਸੱਤ ਮੁਲਜ਼ਮਾਂ ਵਿਰੁਧ ਦੋਸ਼ ਤੈਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਅੱਠ ਸਾਲ ਦੀ ਬੱਚੀ ਨਾਲ ਸਮੂਹਕ ਬਲਾਤਕਾਰ ਅਤੇ ਹਤਿਆ ਦੇ ਸੱਤ ਮੁਲਜ਼ਮਾਂ ਵਿਰੁਧ ਅੱਜ ਇਥੇ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਦੋਸ਼ ਤੈਅ...

Kathua rape case accused

ਪਠਾਨਕੋਟ : ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਅੱਠ ਸਾਲ ਦੀ ਬੱਚੀ ਨਾਲ ਸਮੂਹਕ ਬਲਾਤਕਾਰ ਅਤੇ ਹਤਿਆ ਦੇ ਸੱਤ ਮੁਲਜ਼ਮਾਂ ਵਿਰੁਧ ਅੱਜ ਇਥੇ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਦੋਸ਼ ਤੈਅ ਕੀਤੇ। ਇਸ ਮਾਮਲੇ ਵਿਚ ਅੱਠਵਾਂ ਮੁਲਜ਼ਮ ਨਾਬਾਲਗ਼ ਹੈ। ਮਾਮਲੇ ਵਿਚ ਸੁਣਵਾਈ 31 ਮਈ ਨੂੰ ਸ਼ੁਰੂ ਹੋਈ ਸੀ ਜਦ ਸੁਪਰੀਮ ਕੋਰਟ ਦੇ ਜੰਮੂ ਕਸ਼ਮੀਰ ਤੋਂ ਬਾਹਰ ਮਾਮਲੇ ਦੀ ਸੁਣਵਾਈ ਕਰਵਾਉਣ ਦੇ ਨਿਰਦੇਸ਼ 'ਤੇ ਸੱਤ ਮੁਲਜ਼ਮਾਂ ਨੂੰ ਇਥੋਂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।

ਪੀੜਤ ਪਵਰਵਾਰ ਦੀ ਪਟੀਸ਼ਨ 'ਤੇ ਨਿਰਪੱਖ ਅਤੇ ਆਜ਼ਾਦ ਸੁਣਵਾਈ ਲਈ ਸੁਪਰੀਮ ਕੋਰਟ ਨੇ ਮਾਮਲੇ ਨੂੰ ਜੰਮੂ ਕਸ਼ਮੀਰ ਤੋਂ ਪੰਜਾਬ ਦੇ ਪਠਾਨਕੋਟ ਤਬਦੀਲ ਕਰ ਦਿਤਾ ਸੀ। ਮਾਮਲੇ ਨੂੰ ਕਠੂਆ ਤੋਂ ਕਰੀਬ 30 ਕਿਲੋਮੀਟਰ ਦੂਰ ਪਠਾਨਕੋਟ ਤਬਦੀਲ ਕਰਨ ਲਈ ਸੁਪਰੀਮ ਕੋਰਟ ਨੇ ਬੰਦ ਕਮਰੇ ਵਿਚ ਹਰ ਰੋਜ਼ ਮਾਮਲੇ ਦੀ ਸੁਣਵਾਈ ਦੇ ਹੁਕਮ ਦਿਤੇ ਸਨ।

ਜੰਮੂ ਕਸ਼ਮੀਰ ਪੁਲਿਸ ਦੀ ਅਪਰਾਧ ਸ਼ਾਖ਼ਾ ਦੀ 15 ਪੰਨਿਆਂ ਵਾਲੀ ਚਾਰਜਸ਼ੀਟ ਮੁਤਾਬਕ ਇਸ ਸਾਲ 10 ਜਨਵਰੀ ਨੂੰ ਅਗ਼ਵਾ ਕੀਤੀ ਗਈ ਲੜਕੀ ਨਾਲ ਕਠੂਆ ਜ਼ਿਲ੍ਹੇ ਦੇ ਪਿੰਡ ਦੇ ਮੰਦਰ ਵਿਚ ਬੰਧਕ ਬਣਾ ਕੇ ਬਲਾਤਕਾਰ ਕੀਤਾ ਗਿਆ ਸੀ। ਉਸ ਨੂੰ ਚਾਰ ਦਿਨਾਂ ਤਕ ਬੇਹੋਸ਼ੀ ਦੀ ਹਾਲਤ ਵਿਚ ਰਖਿਆ ਗਿਆ ਅਤੇ ਬਾਅਦ ਵਿਚ ਉਸ ਦੀ ਹਤਿਆ ਕਰ ਦਿਤੀ ਗਈ। (ਏਜੰਸੀ)