ਨਜ਼ਰਬੰਦੀ ਕੈਂਪ ਤੋਂ ਬਾਹਰ ਆਏ ਸਾਬਕਾ ਫੌਜ ਅਧਿਕਾਰੀ ਮੁਹੰਮਦ ਸਨਾਉਲ੍ਹਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਬਕਾ ਫੌਜ ਅਧਿਕਾਰੀ ਮੁਹੰਮਦ ਸਨਾਉਲ੍ਹਾ ਨਜ਼ਰਬੰਦੀ ਕੈਂਪ ਤੋਂ ਬਾਹਰ ਆ ਗਏ ਹਨ।

Mohammad Sanaullah

ਅਸਾਮ: ਸਾਬਕਾ ਫੌਜ ਅਧਿਕਾਰੀ ਮੁਹੰਮਦ ਸਨਾਉਲ੍ਹਾ ਨਜ਼ਰਬੰਦੀ ਕੈਂਪ ਤੋਂ ਬਾਹਰ ਆ ਗਏ ਹਨ। ਉਹਨਾਂ ਨੂੰ ਗੁਵਾਹਟੀ ਹਾਈਕੋਰਟ ਤੋਂ ਸ਼ੁੱਕਰਵਾਰ ਨੂੰ ਜ਼ਮਾਨਤ ਮਿਲੀ ਸੀ। ਇਹ ਜ਼ਮਾਨਤ 20 ਹਜ਼ਾਰ ਰੁਪਏ ਦੇ ਜ਼ਮਾਨਤ ਬਾਂਡ, 2 ਸਥਾਨਕ ਜ਼ਮਾਨਤਦਾਰ ਅਤੇ ਬਾਇਓਮੈਟ੍ਰਿਕਸ ‘ਤੇ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਸਨਾਉਲ੍ਹਾ ਨੂੰ ਪਿਛਲੇ ਮਹੀਨੇ ਵਿਦੇਸ਼ੀ ਐਲਾਨ ਕੇ ਨਜ਼ਰਬੰਦੀ ਕੈਂਪ ਭੇਜ ਦਿੱਤਾ ਗਿਆ ਸੀ।

ਗੁਵਾਹਟੀ ਹਾਈਕੋਰਟ ਨੇ ਮਹੰਮਦ ਸਨਾਉਲ੍ਹਾ ਨੂੰ ਨਜ਼ਰਬੰਦ ਕੈਂਪ ਵਿਚ ਭੇਜਣ ਦੇ ਮਾਮਲੇ ‘ਚ ਕੇਂਦਰ ਅਤੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਇਸ ਤੋਂ ਇਲਾਵਾ ਚੋਣ ਕਮਿਸ਼ਨ, ਰਾਸ਼ਟਰੀ ਨਾਗਰਿਕਤਾ ਰਜਿਸਟਰ ਦੇ ਅਧਿਕਾਰੀਆਂ ਅਤੇ ਅਸਾਮ ਸੀਮਾ ਪੁਲਿਸ ਦੇ ਜਾਂਚ ਅਧਿਕਾਰੀ ਚੰਦਰਮਲ ਦਾਸ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਸਨ। ਇਕ ਰਿਪੋਰਟ ਅਨੁਸਾਰ ਭਾਰਤੀ ਫੌਜ ਵਿਚ 30 ਸਾਲਾਂ ਤੱਕ ਸੇਵਾ ਨਿਭਾਅ ਚੁਕੇ ਮੁਹੰਮਦ ਸਨਾਉਲ੍ਹਾ ਨੂੰ ਵਿਦੇਸ਼ੀਆਂ ਲਈ ਬਣੇ ਟ੍ਰਿਬਿਊਨਲ (Foreigners Tribunal) ਵੱਲੋਂ ਵਿਦੇਸ਼ੀ ਐਲਾਨ ਦਿੱਤਾ ਗਿਆ ਸੀ।

ਵਿਦੇਸ਼ੀ ਐਲਾਨਣ ਤੋਂ ਬਾਅਦ ਸਨਾਉਲ੍ਹਾ ਨੂੰ ਪਰਿਵਾਰ ਸਮੇਤ ਗੌਲਪਾੜਾ ਦੇ ਨਜ਼ਰਬੰਦੀ ਕੈਂਪ ਭੇਜ ਦਿੱਤਾ ਗਿਆ । ਉਹਨਾਂ ਦਾ ਨਾਂਅ ਨੈਸ਼ਨਲ ਰਜ਼ਿਸਟਰ ਆਫ ਸੀਟੀਜ਼ਨ ਵਿਚ ਦਰਜ ਨਹੀਂ ਹੈ। ਉਹਨਾਂ ‘ਤੇ ਵਿਦੇਸ਼ੀ ਹੋਣ ਦਾ ਇਲਜ਼ਾਮ ਲਗਾਇਆ ਗਿਆ ਸੀ, ਜੋ ਦੇਸ਼ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ। ਨਜ਼ਰਬੰਦ ਕੈਂਪ ਵਿਚ ਜਾਣ ਤੋਂ ਪਹਿਲਾਂ ਸਨਾਉਲ੍ਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਹ ਭਾਰਤੀ ਨਾਗਰਿਕ ਹਨ ਅਤੇ ਉਹਨਾਂ ਕੋਲ ਨਾਗਰਿਕਤਾ ਸਬੰਧੀ ਸਾਰੇ ਸਬੂਤ ਹਨ।

ਉਹਨਾਂ ਦੱਸਿਆ ਕਿ ਉਹਨਾਂ ਨੇ ਦੇਸ਼ ਦੀ ਫੌਜ ਵਿਚ (1987-2017) ਇਲੈਕਟ੍ਰਾਨਿਕਸ ਐਂਡ ਮਕੈਨੀਕਲ ਇੰਜੀਨੀਅਰ ਵਿਭਾਗ ਦੇ ਇਕ ਅਧਿਕਾਰੀ ਦੇ ਰੂਪ ਵਿਚ ਸੇਵਾ ਕੀਤੀ ਅਤੇ 2014 ਵਿਚ ਉਹਨਾਂ ਨੂੰ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਕ ਹੋਰ ਰਿਪੋਰਟ ਮੁਤਾਬਿਕ ਸਨਾਉਲ੍ਹਾ ਨੂੰ ਅਗਸਤ 2017 ਵਿਚ ਭਾਰਤੀ ਫੌਜ ਦੇ ਇਲੈਕਟ੍ਰਾਨਿਕਸ ਐਂਡ ਮਕੈਨੀਕਲ ਇੰਜੀਨੀਅਰ (ਈਏਐਮਈ) ਕੋਰ ਵਿਚ ਸੂਬੇਦਾਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਸੀ।

ਉਹਨਾਂ ਨੇ ਵਿਦੇਸ਼ੀ ਟ੍ਰਿਬਿਊਨਲ ਦੇ ਸਾਹਮਣੇ ਦਿੱਤੇ ਬਿਆਨ ਵਿਚ ਕਿਹਾ ਕਿ ਉਹਨਾਂ ਨੇ ਜੰਮੂ-ਕਸ਼ਮੀਰ ਅਤੇ ਉਤਰ-ਪੂਰਬ ਦੇ ਸੰਵੇਦਨਸ਼ੀਲ ਖੇਤਰਾਂ ਵਿਚ ਤੈਨਾਤ ਰਹਿ ਕੇ ਸੇਵਾਵਾਂ ਨਿਭਾਈਆਂ ਹਨ। ਵਿਦੇਸ਼ੀ ਟ੍ਰਿਬਿਊਨਲ ਨੇ ਇਸ ਸਾਲ 23 ਮਈ ਨੂੰ  ਅਸਾਮ ਪੁਲਿਸ ਦੀ ਸੀਮਾ ਵਿੰਗ ਵਿਚ ਸਹਾਇਕ ਸਬ-ਇੰਸਪੈਕਟਰ ਦੇ ਅਹੁਦੇ ਤੇ ਤੈਨਾਤ ਸਨਾਉਲ੍ਹਾ ਨੂੰ ਵਿਦੇਸ਼ੀ ਘੋਸ਼ਿਤ ਕੀਤਾ ਸੀ।