ਕਾਰਗਿਲ ਦੀ ਜੰਗ ਵਿਚ ਭਾਗ ਲੈਣ ਵਾਲੇ ਅਫਸਰ ਨੂੰ ਵਿਦੇਸ਼ੀ ਐਲਾਨਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਰਗਿਲ ਦੀ ਜੰਗ ਦੇ ਫੌਜ ਅਧਿਕਾਰੀ ਮੁਹੰਮਦ ਸਨਾਉਲਾਹ ਨੂੰ ਵਿਦੇਸ਼ੀ ਐਲਾਨ ਦਿੱਤਾ ਗਿਆ ਹੈ।

Kargil war veteran declared foreigner

ਗੁਵਾਹਟੀ: ਕਾਰਗਿਲ ਦੀ ਜੰਗ ਦੇ ਸਾਬਕਾ ਫੌਜ ਅਧਿਕਾਰੀ ਮੁਹੰਮਦ ਸਨਾਉਲਾਹ ਨੂੰ ਵਿਦੇਸ਼ੀ ਐਲਾਨ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਪਰਿਵਾਰ ਸਮੇਤ ਨਜ਼ਰਬੰਦੀ ਕੈਂਪ ਵਿਚ ਭੇਜ ਦਿੱਤਾ ਗਿਆ । ਇਕ ਰਿਪੋਰਟ ਅਨੁਸਾਰ ਭਾਰਤੀ ਫੌਜ ਵਿਚ 30 ਸਾਲਾਂ ਤੱਕ ਸੇਵਾ ਨਿਭਾਅ ਚੁਕੇ ਮੁਹੰਮਦ ਸਨਾਉਲਾਹ ਨੂੰ ਵਿਦੇਸ਼ੀਆਂ ਲਈ ਬਣੇ ਟ੍ਰਿਬਿਊਨਲ (Foreigners Tribunal) ਨੇ ਵਿਦੇਸ਼ੀ ਐਲਾਨ ਦਿੱਤਾ। ਵਿਦੇਸ਼ੀ ਐਲਾਨਣ ਤੋਂ ਬਾਅਦ ਸਨਾਹਉਲਾ ਨੂੰ ਪਰਿਵਾਰ ਸਮੇਤ ਗੌਲਪਾੜਾ ਦੇ ਨਜ਼ਰਬੰਦੀ ਕੈਂਪ ਭੇਜ ਦਿੱਤਾ ਗਿਆ ਹੈ। ਉਹਨਾਂ ਦਾ ਨਾਂਅ ਨੈਸ਼ਨਲ ਰਜ਼ਿਸਟਰ ਆਫ ਸੀਟੀਜ਼ਨ ਵਿਚ ਦਰਜ ਨਹੀਂ ਹੈ।

ਵਿਦੇਸ਼ੀ ਟ੍ਰਿਬਿਊਨਲ ਨੇ 23 ਮਈ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਸਨਾਉਲਾਹ 25 ਮਾਰਚ 1971 ਦੀ ਤਰੀਕ ਤੋਂ ਪਹਿਲਾਂ ਭਾਰਤ ਦੀ ਨਾਗਰਿਕਤਾ ਸਬੰਧੀ ਸਬੂਤ ਦੇਣ ਵਿਚ ਅਸਫਲ ਰਹੇ ਹਨ। ਇਕ ਹੋਰ ਰਿਪੋਰਟ ਮੁਤਾਬਿਕ ਸਨਾਉਲਾਹ ਨੂੰ ਅਗਸਤ 2017 ਵਿਚ ਭਾਰਤੀ ਫੌਜ ਦੇ ਇਲੈਕਟ੍ਰਾਨਿਕਸ ਐਂਡ ਮਕੈਨੀਕਲ ਇੰਜੀਨੀਅਰ (ਈਏਐਮਈ) ਕੋਰ ਵਿਚ ਸੂਬੇਦਾਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਸੀ। ਉਹਨਾਂ ਨੇ ਵਿਦੇਸ਼ੀ ਟ੍ਰਿਬਿਊਨਲ ਦੇ ਸਾਹਮਣੇ ਦਿੱਤੇ ਬਿਆਨ ਵਿਚ ਕਿਹਾ ਕਿ ਉਹਨਾਂ ਨੇ ਜੰਮੂ-ਕਸ਼ਮੀਰ ਅਤੇ ਉਤਰ-ਪੂਰਬ ਦੇ ਸੰਵੇਦਨਸ਼ੀਲ ਖੇਤਰਾਂ ਵਿਚ ਤੈਨਾਤ ਰਹਿ ਕੇ ਸੇਵਾਵਾਂ ਨਿਭਾਈਆਂ ਹਨ।

ਉਹ ਅਸਾਮ ਦੇ ਕਾਮਰੂਪ ਜ਼ਿਲ੍ਹੇ ਬੋਕੋ ਪੁਲਿਸ ਥਾਣੇ ਦੇ ਖੇਤਰ ਕੋਲੋਹਿਕਾਸ਼ ਪਿੰਡ ਦੇ ਰਹਿਣ ਵਾਲੇ ਹਨ। ਵਿਦੇਸ਼ੀ ਟ੍ਰਿਬਿਊਨਲ ਨੇ ਇਸ ਸਾਲ 23 ਮਈ ਨੂੰ  ਅਸਾਮ ਪੁਲਿਸ ਦੀ ਸੀਮਾ ਵਿੰਗ ਵਿਚ ਸਹਾਇਕ ਸਬ-ਇੰਸਪੈਕਟਰ ਦੇ ਅਹੁਦੇ ਤੇ ਤੈਨਾਤ ਸਨਾਉਲਾਹ ਨੂੰ ਵਿਦੇਸ਼ੀ ਘੋਸ਼ਿਤ ਕੀਤਾ ਸੀ। ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਵਕੀਲ ਦਾ ਕਹਿਣਾ ਹੈ ਕਿ ਸਨਾਉਲਾਹ ਭਾਰਤੀ ਨਾਗਰਿਕ ਹਨ ਅਤੇ ਉਹਨਾਂ ਦੇ ਪੂਰਵਜਾਂ ਦੇ ਦਸਤਾਵੇਜਾਂ ਤੋਂ ਅਸਾਨੀ ਨਾਲ ਇਸਦਾ ਪਤਾ ਲਗਾਇਆ ਜਾ ਸਕਦਾ ਹੈ। ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਸੰਜੀਵ ਸੈਕਿਆ ਨੇ ਸਨਾਉਲਾਹ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਵਿਦੇਸ਼ੀ ਟ੍ਰਿਬਿਊਨਲ ਨੇ ਉਹਨਾਂ ਨੂੰ ਵਿਦੇਸ਼ੀ ਘੋਸ਼ਿਤ ਕੀਤਾ ਹੈ ਅਤੇ ਉਹ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕਰਨਗੇ।

ਮੁਹੰਮਦ ਸਨਾਉਲਾਹ ਦੇ ਵਕੀਲ ਨੇ ਕਿਹਾ ਕਿ ਉਹਨਾਂ ਨੂੰ ਪਿਛਲੇ ਸਾਲ ਵਿਦੇਸ਼ੀ ਟ੍ਰਿਬਿਊਨਲ ਤੋਂ ਨੋਟਿਸ ਮਿਲਿਆ ਸੀ ਅਤੇ ਉਹ ਪਹਿਲੀ ਵਾਰ 25 ਸਤੰਬਰ 2018 ਨੂੰ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਹੋਏ ਸਨ।  ਉਹਨਾਂ ਕਿਹਾ ਕਿ ਸਨਾਹਉਲਾ ਨੇ ਅਪਣੇ ਹਲਫਨਾਮੇ ਵਿਚ ਕਿਹਾ ਹੈ ਕਿ ਉਹ 1987 ਵਿਚ ਭਾਰਤੀ ਫੌਜ ‘ਚ ਭਰਤੀ ਹੋਏ ਸਨ, ਪਰ ਕੋਰਟ ਦੇ ਅਧਿਕਾਰੀਆਂ ਨੇ ਗਲਤੀ ਨਾਲ 1978 ਦਰਜ ਕਰ ਲਿਆ ਸੀ। ਸਨਾਉਲਾਹ ਨੇ ਨਜ਼ਰਬੰਦੀ ਕੈਂਪ ਵਿਚ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਦਾ ਦਿਲ ਟੁੱਟ ਗਿਆ ਹੈ, ਉਹਨਾਂ ਕਿਹਾ ਕਿ ਭਾਰਤੀ ਫੌਜ ਵਿਚ 30 ਸਾਲ ਤੱਕ ਸੇਵਾ ਨਿਭਾਉਣ ਤੋਂ ਬਾਅਦ ਇਹ ਇਨਾਮ ਮਿਲਿਆ ਹੈ। ਉਹਨਾਂ ਕਿਹਾ ਉਹ ਭਾਰਤ ਦੇ ਨਾਗਰਿਕ ਹਨ ਅਤੇ ਉਹਨਾਂ ਕੋਲ ਨਾਗਰਿਕਤਾ ਸਬੰਧੀ ਜ਼ਰੂਰੀ ਦਸਤਾਵੇਜ਼ ਵੀ ਹਨ।

ਉਹਨਾਂ ਦੱਸਿਆ ਕਿ ਉਹਨਾਂ ਨੇ ਦੇਸ਼ ਦੀ ਫੌਜ ਵਿਚ (1987-2017) ਇਲੈਕਟ੍ਰਾਨਿਕਸ ਐਂਡ ਮਕੈਨੀਕਲ ਇੰਜੀਨੀਅਰ ਵਿਭਾਗ ਦੇ ਇਕ ਅਧਿਕਾਰੀ ਦੇ ਰੂਪ ਵਿਚ ਸੇਵਾ ਕੀਤੀ ਅਤੇ 2014 ਵਿਚ ਉਹਨਾਂ ਨੂੰ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸਨਾਉਲਾਹ ਦੀ ਬੇਟੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਪਿਤਾ ਨੇ ਟ੍ਰਿਬਿਊਨਲ ਕੋਲ ਭਾਰਤੀ ਨਾਗਰਿਕਤਾ ਸਬੰਧੀ ਸਾਰੇ ਸਬੂਤ ਪੇਸ਼ ਕੀਤੇ ਹਨ।