ਅਮਰੀਕੀ ਹਵਾਈ ਫ਼ੌਜ ਦਾ ਵੱਡਾ ਫ਼ੈਸਲਾ, ਸਿੱਖ ਜਵਾਨਾਂ ਨੂੰ ਦਸਤਾਰ ਤੇ ਦਾੜੀ ਦੀ ਆਗਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਹਵਾਈ ਫ਼ੌਜ ਵਿਚ ਸੇਵਾ ਨਿਭਾਉਂਦੇ ਹੋਏ ਧਰਮ ਮੁਤਾਬਕ ਪਹਿਰਾਵੇ ਦੇ ਸਿਧਾਂਤਾਂ ਦੀ ਪਾਲਣਾ ਦੀ ਮਿਲੀ ਇਜਾਜ਼ਤ

America air force allows sikh airman to keep turban and beard on duty

ਵਾਸ਼ਿੰਗਟਨ: ਅਮਰੀਕੀ ਹਵਾਈ ਫੌਜ ਨੇ ਸਿੱਖ ਸੈਨਿਕਾਂ ਨੂੰ ਰਾਹਤ ਦਿੰਦੇ ਹੋਏ ਵੱਡਾ ਫ਼ੈਸਲਾ ਕੀਤਾ ਹੈ। ਅਮਰੀਕਾ ਦੀ ਥਲ ਸੈਨਾ ਦੇ ਵਾਂਗ ਹੁਣ ਹਵਾਈ ਸੈਨਾ ’ਚ ਵੀ ਸਿੱਖ ਸੈਨਿਕ ਦਸਤਾਰ ਸਜ਼ਾ ਸਕਣਗੇ ਅਤੇ ਦਾੜੀ-ਮੁੱਛ ਰੱਖ ਸਕਣਗੇ। ਦਰਅਸਲ, ਅਮਰੀਕੀ ਥਲ ਸੈਨਾ ਵਿਚ ਜਿੱਥੇ ਸਿੱਖਾਂ ਨੂੰ ਪਹਿਲਾਂ ਹੀ ਦਾੜੀ, ਦਸਤਾਰ ਤੇ ਕੇਸ ਰੱਖਣ ਦੀ ਆਗਿਆ ਦਿਤੀ ਹੋਈ ਹੈ, ਉੱਥੇ ਹੀ ਹੁਣ ਅਮਰੀਕੀ ਹਵਾਈ ਫ਼ੌਜ ਨੇ ਵੀ ਸਿੱਖਾਂ ਨੂੰ ਵੱਡੀ ਰਾਹਤ ਦਿੰਦਿਆਂ ਦਾੜੀ, ਕੇਸ ਤੇ ਦਸਤਾਰ ਨਾਲ ਡਿਊਟੀ ਕਰਨ ਦੀ ਇਜਾਜ਼ਤ ਦੇ ਦਿਤੀ ਹੈ। ਇਸ ਦਾ ਸਭ ਤੋਂ ਪਹਿਲਾਂ ਫ਼ਾਇਦਾ ਹਰਪ੍ਰੀਤਇੰਦਰ ਸਿੰਘ ਬਾਜਵਾ ਨੇ ਲਿਆ ਹੈ।

ਹਰਪ੍ਰੀਤਇੰਦਰ ਨੇ ਇਸ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਅੱਜ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਦੇਸ਼ ਨੇ ਸਿੱਖ ਪਰੰਪਰਾ ਨੂੰ ਸਨਮਾਨ ਦਿਤਾ ਹੈ ਤੇ ਉਹ ਇਸ ਲਈ ਹਮੇਸ਼ਾ ਧੰਨਵਾਦੀ ਰਹਿਣਗੇ। ਦੱਸ ਦਈਏ ਕਿ ਦੇਸ਼ ਦੀ ਹਵਾਈ ਫ਼ੌਜ ਵਿਚ ਧਰਮ ਦੇ ਆਧਾਰ ’ਤੇ ਇਸ ਤਰ੍ਹਾਂ ਦੀ ਰਾਹਤ ਦਾ ਇਹ ਪਹਿਲਾ ਮਾਮਲਾ ਹੈ।ਹਰਪ੍ਰੀਤਇੰਦਰ ਸਿੰਘ ਬਾਜਵਾ 2017 ਵਿਚ ਅਮਰੀਕੀ ਏਅਰਫੋਰਸ ਵਿਚ ਭਰਤੀ ਹੋਏ ਸਨ ਪਰ ਫ਼ੌਜ ਸ਼ਾਖਾ ਵਲੋਂ ਗਰੂਮਿੰਗ ਤੇ ਡ੍ਰੈਸ ਕੋਡ ਸਬੰਧੀ ਬਣਾਏ ਗਏ ਨਿਯਮਾਂ ਦੀ ਵਜ੍ਹਾ ਕਰਕੇ ਉਹ ਅਪਣੇ ਧਾਰਮਿਕ ਸਿਧਾਂਤਾਂ ਦੀ ਪਾਲਣਾ ਨਹੀਂ ਕਰ ਪਾ ਰਹੇ ਸਨ।

ਅਮਰੀਕੀ ਹਵਾਈ ਫ਼ੌਜ ਵਿਚ ਸਿੱਖ ਅਮੇਰੀਕਨ ਵੈਟੇਰਨਜ਼ ਅਲਾਇੰਸ ਤੇ ਅਮੇਰੀਕਨ ਸਿਵਲ ਲਿਬਰਟੀਜ਼ ਯੂਨੀਅਨ (ਏ.ਸੀ.ਐਲ.ਯੂ.) ਤੋਂ ਰਿਪੋਰਟ ਮਿਲਣ ਮਗਰੋਂ ਇਹ ਛੂਟ ਦਿਤੀ ਗਈ ਹੈ। ਮੈਕਕੋਰਡ ਹਵਾਈ ਫ਼ੌਜ ਸਟੇਸ਼ਨ ਵਿਚ ਚਾਲਕ ਦਲ ਦੇ ਪ੍ਰਮੁੱਖ ਬਾਜਵਾ ਡਿਊਟੀ ’ਤੇ ਮੌਜੂਦ ਰਹਿਣ ਵਾਲੇ ਅਜਿਹੇ ਪਹਿਲੇ ਹਵਾਈ ਫ਼ੌਜੀ ਬਣ ਗਏ ਹਨ ਜਿੰਨ੍ਹਾਂ ਹਵਾਈ ਫ਼ੌਜ ਵਿਚ ਸੇਵਾ ਨਿਭਾਉਂਦੇ ਹੋਏ ਧਰਮ ਮੁਤਾਬਕ ਪਹਿਰਾਵੇ ਦੇ ਸਿਧਾਂਤਾਂ ਦੀ ਪਾਲਣਾ ਦੀ ਇਜਾਜ਼ਤ ਮਿਲੀ ਹੈ। ਇਸ ਕਦਮ ਨਾਲ ਸਿੱਖਾਂ ਦੀ ਪਹਿਚਾਣ ਬਾਰੇ ਹੋਰ ਜਾਗਰੂਕਤਾ ਫੈਲੇਗੀ ਅਤੇ ਇਸ ਨਾਲ ਸਿੱਖਾਂ ’ਤੇ ਵਿਦੇਸ਼ੀ ਧਰਤੀ ’ਤੇ ਹੋਣ ਵਾਲੇ ਹਮਲਿਆਂ ’ਚ ਵੀ ਠੱਲ ਪੈ ਸਕਦੀ ਹੈ।