ਕਾਂਗਰਸ ਆਗੂ ਸ਼ਸ਼ੀ ਥਰੂਰ ਨੂੰ ਪੱਕੀ ਜ਼ਮਾਨਤ ਮਿਲੀ
ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸ ਆਗੂ ਸ਼ਸ਼ੀ ਥਰੂਰ ਨੂੰ ਉਨ੍ਹਾਂ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਅੱਜ ਨਿਯਮਤ ਜ਼ਮਾਨਤ ਦੇ ਦਿਤੀ............
ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸ ਆਗੂ ਸ਼ਸ਼ੀ ਥਰੂਰ ਨੂੰ ਉਨ੍ਹਾਂ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਅੱਜ ਨਿਯਮਤ ਜ਼ਮਾਨਤ ਦੇ ਦਿਤੀ। ਤਿਰੁਵਨੰਤਪੁਰਮ ਤੋਂ ਸੰਸਦ ਮੈਂਬਰ ਨੂੰ ਮਾਮਲੇ 'ਚ ਬਤੌਰ ਮੁਲਜ਼ਮ ਤਲਬ ਕੀਤਾ ਗਿਆ ਸੀ। ਥਰੂਰ ਅੱਜ ਅਦਾਲਤ ਦੇ ਸਾਹਮਣੇ ਪੇਸ਼ ਹੋਏ ਅਤੇ ਦਸਿਆ ਕਿ ਮਾਮਲੇ 'ਚ ਇਕ ਸੈਸ਼ਨ ਅਦਾਲਤ ਨੇ ਪਹਿਲਾਂ ਹੀ ਉਨ੍ਹਾਂ ਨੂੰ ਪੰਜ ਜੁਲਾਈ ਨੂੰ ਅਗਾਊਂ ਜ਼ਮਾਨਤ ਦੇ ਦਿਤੀ ਹੈ। ਵਧੀਕ ਮੁੱਖ ਮੈਟਰੋਪਾਲੀਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਨੇ ਇਸ ਤੋਂ ਬਾਅਦ ਸੈਸ਼ਨ ਅਦਾਲਤ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਨੂੰ ਇਕ ਲੱਖ ਰੁਪਏ ਦੀ ਜ਼ਮਾਨਤ ਰਕਮ ਅਤੇ
ਏਨੀ ਹੀ ਰਕਮ ਦਾ ਮੁਚਲਕਾ ਜਮ੍ਹਾ ਕਰਵਾਉਣ ਨੂੰ ਕਿਹਾ। ਇਸ ਤੋਂ ਬਾਅਦ ਉਨ੍ਹਾਂ ਅੰਤਰਿਮ ਰਾਹਤ ਨੂੰ ਨਿਯਮਤ ਜ਼ਮਾਨਤ 'ਚ ਬਦਲ ਦਿਤਾ। ਗ੍ਰਿਫ਼ਤਾਰੀ ਦੇ ਸ਼ੱਕ ਕਰ ਕੇ ਥਰੂਰ ਅਗਾਊਂ ਜ਼ਮਾਨਤ ਲਈ ਸੈਸ਼ਨ ਅਦਾਲਤ ਗਏ ਸਨ। ਸੁਨੰਦਾ ਪੁਸ਼ਕਰ 17 ਜਨਵਰੀ, 2014 ਨੂੰ ਦਿੱਲੀ ਦੇ ਇਕ ਲਗਜ਼ਰੀ ਹੋਟਲ 'ਚ ਮ੍ਰਿਤਕ ਮਿਲੀ ਸੀ। ਥਰੂਰ ਜੋੜਾ ਹੋਟਲ 'ਚ ਰਹਿ ਰਿਹਾ ਸੀ ਕਿਉਂਕਿ ਉਨ੍ਹਾਂ ਦੇ ਬੰਗਲੇ ਦੀ ਮੁਰੰਮਤ ਦਾ ਕੰਮ ਹੋ ਰਿਹਾ ਸੀ।
ਅਦਾਲਤ ਨੇ ਚਾਰਜਸ਼ੀਟ ਅਤੇ ਇਸ ਨਾਲ ਦਾਖ਼ਲ ਹੋਰ ਦਸਤਾਵੇਜ਼ਾਂ ਦੀ ਕਾਪੀ ਥਰੂਰ ਨੂੰ ਸੌਂਪ ਦਿਤੀ ਅਤੇ ਸੁਣਵਾਈ ਲਈ 26 ਜੁਲਾਈ ਦੀ ਤਰੀਕ ਮੁਕੱਰਰ ਕੀਤੀ। ਅਦਾਲਤ ਨੇ ਥਰੂਰ 'ਤੇ ਕਈ ਸ਼ਰਤਾਂ ਲਾਈਆਂ ਹਨ ਜਿਨ੍ਹਾਂ 'ਚ ਸਬੂਤਾਂ ਨਾਲ ਛੇੜਛਾੜ ਨਾ ਕਰਨ ਅਤੇ ਅਦਾਲਤ ਦੀ ਇਜਾਜ਼ਤ ਤੋਂ ਬਗ਼ੈਰ ਦੇਸ਼ ਨਾ ਛੱਡਣ ਦੀ ਹਦਾਇਤ ਸ਼ਾਮਲ ਹੈ। (ਪੀਟੀਆਈ)